
ਦਲਜੀਤ ਕੌਰ/ਲਹਿਰਾਗਾਗਾ, 21 ਜੂਨ, 2023: ਪ੍ਰਮੁੱਖ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਹਿਲ ਕੈਨਾਲ ਡਵੀਜ਼ਨ ਪਟਿਆਲਾ ਅਧੀਨ ਪੈਂਦੇ ਰਜਵਾਹੇ ਅਵਕਵਾਸ ਦੀ ਮੋਘਾ ਬੁਰਜੀ ਨੰਬਰ 28156/R ਦੇ ਪਟਵਾਰੀ ਸਾਹਿਬ ਨੂੰ ਨਾਲ ਲੈਕੇ ਪਿੰਡ ਚੰਗਾਲੀਵਾਲਾ (ਲਹਿਰਾਗਾਗਾ) ਵਿਖੇ ਨਹਿਰੀ ਪਾਣੀ ਨਾਲ ਸਿੰਚਾਈ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਅਵਤਾਰ ਸਿੰਘ ਜਿਲੇਦਾਰ, ਹਰਦੀਪ ਸਿੰਘ ਸੁਖਵੀਰ ਸਿੰਘ, ਨੱਥੂਰਾਮ ਨਹਿਰੀ ਪਟਵਾਰੀ ਨੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵਰਤੋਂ ਵਧਾਉਣ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜਾਗਰੂਕ ਕੀਤਾ। ਜਿਲੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪਿਛਲੇ 6 ਦਹਾਕਿਆਂ ਤੋਂ ਨਹਿਰੀ ਪਾਣੀ ਨਾਲ ਖੇਤੀ ਸਿੰਜਾਈ ਵਾਲ਼ਾ ਰਕਬਾ 58.41 ਫੀਸਦੀ ਤੋਂ ਘਟਕੇ 28 ਫੀਸਦੀ ਰਹਿ ਗਿਆ ਹੈ, ਜਦੋਂਕਿ ਟਿਊਬਵੈੱਲ ਰਾਹੀਂ ਭੂ-ਜਲ ‘ਤੇ ਨਿਰਭਰਤਾ 54 ਫੀਸਦੀ ਤੋਂ 92 ਫੀਸਦੀ ਤੱਕ ਵਧ ਗਈ ਹੈ। ਪੰਜਾਬ ਦੇ ਬਹੁਤ ਖੇਤਰਾਂ ਵਿੱਚ ਭੂ-ਜਲ ਦਾ ਪੱਧਰ 10 ਤੋਂ 20 ਮੀਟਰ ਤੱਕ ਡੂੰਘਾ ਹੋ ਗਿਆ ਹੈ।
ਉਹਨਾਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਅੰਕੜਿਆਂ ਅਨੁਸਾਰ 2039 ਤੱਕ ਪੰਜਾਬ ਦਾ ਪਾਣੀ 1000 ਫੁੱਟ ਡੂੰਘਾ ਚਲਾ ਜਾਵੇਗਾ। ਪੰਜਾਬ ਦੂਜੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਜ਼ਮੀਨੀ ਪਾਣੀ ਦੀ ਵਰਤੋਂ ਕਰਦਾ ਹੈ। 2019-20 ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ 14.76 ਲੱਖ ਟਿਊਬਵੈੱਲ ਹਨ। ਜਿਸ ਕਰਕੇ ਪੰਜਾਬ ਦੇ 109 ਬਲਾਕ ਡਾਰਕ ਜ਼ੋਨ ‘ਚ ਚਲੇ ਗਏ ਹਨ। ਪੰਜਾਬ ਪੰਜ ਦਰਿਆਵਾਂ ਦੀ ਧਰਤੀ ਤੋਂ ਬਣਿਆ ਹੈ, ਪਰ ਜੇਕਰ ਅਸੀਂ ਸਮੇਂ ਸਿਰ ਲੋੜੀਂਦੇ ਕਦਮ ਨਾ ਚੁੱਕੇ ਤਾਂ ਸਾਡਾ ਇਹ ਖੁਸ਼ਹਾਲ ਸੂਬਾ ਬੰਜਰ ਬਣਕੇ ਰਹਿ ਜਾਵੇਗਾ। ਇਸ ਕਰਕੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵਰਤੋਂ ਕਰਦਿਆਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਯਤਨ ਕਰਨੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਧਰਤੀ ਹੇਠਲੇ ਪਾਣੀ ਦੀ ਦੁਰਵਰਤੋ ਨਾ ਰੋਕੀ ਗਈ, ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੀਣ ਯੋਗ ਪਾਣੀ ਦੀ ਵੱਡੀ ਕਿਲਤ ਆ ਜਾਵੇਗੀ। ਇਸ ਲਈ ਕਿਸਾਨਾਂ ਨੂੰ ਨਹਿਰੀ ਪਾਣੀ ਨਾਲ ਸਿੰਚਾਈ ਕਰਨ ਲਈ ਜਾਗਰੂਕਤਾ ਕੈਂਪ ਲਾਏ ਗਏ ਸਨ। ਜਿਸ ਦਾ ਨਤੀਜੇ ਸਾਹਮਣੇ ਆ ਰਹੇ ਹਨ। ਕਿਸਾਨਾਂ ਆਪਣੀਆਂ ਫ਼ਸਲਾਂ ਦੀ ਸਿੰਚਾਈ ਨਹਿਰੀ ਪਾਣੀ ਨਾਲ ਕਰਨ ਲਈ ਕੱਚੇ ਖਾਲ ਚਾਲੂ ਕਰ ਰਹੇ ਹਨ।