
ਦਲਜੀਤ ਕੌਰ/ਸੰਗਰੂਰ, 4 ਮਈ, 2023: ਭਾਰਤੀ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਬਿਰਜ ਭੂਸ਼ਨ ਵੱਲੋਂ ਕੁਸ਼ਤੀ ਖਿਡਾਰਨਾਂ ਨਾਲ ਹੋਏ ਜਿਨਸੀ ਸ਼ੋਸ਼ਣ ਖਿਲਾਫ਼ ਦਿੱਲੀ ਦੇ ਜੰਤਰ ਮੰਤਰ ਵਿਖੇ ਸੰਘਰਸ਼ ਕਰ ਰਹੀਆਂ ਅੰਤਰਰਾਸ਼ਟਰੀ ਤਗਮੇ ਜੇਤੂ ਮਹਿਲਾ ਖਿਡਾਰਨਾਂ, ਉਹਨਾਂ ਦੇ ਹਮਦਰਦਾਂ, ਮਹਿਲਾ ਪੱਤਰਕਾਰ ਨਾਲ ਦਿੱਲੀ ਪੁਲਿਸ ਵੱਲੋਂ ਬਦਸਲੂਕੀ ਕਰਨ, ਗਾਲਾਂ ਕੱਢਣ, ਮਾਰਕੁਟਾਈ ਕਰਨ ਅਤੇ ਕੱਪੜੇ ਪਾੜਨ ਦੀਆਂ ਗੈਰ-ਮਨੁੱਖੀ ਅਤੇ ਤਾਨਾਸ਼ਾਹੀ ਕਾਰਵਾਈਆਂ ਦੇ ਖਿਲਾਫ ਪਹਿਲਵਾਨ ਧੀਆਂ ਉਪਰ ਕੱਲ੍ਹ ਰਾਤ ਦਿੱਲੀ ਪੁਲਿਸ ਵੱਲੋ ਕੀਤੇ ਗਏ ਹਮਲੇ ਦੇ ਖ਼ਿਲਾਫ਼ ਸੰਗਰੂਰ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਵਿਅਕਤੀਆਂ ਵੱਲੋਂ ਇਥੇ ਰੋਹ ਭਰਪੂਰ ਰੈਲੀ ਕਰਨ ਉਪਰੰਤ ਸੰਗਰੂਰ ਦੇ ਬਾਜ਼ਾਰਾਂ ਵਿਚ ਰੋਸ ਮਾਰਚ ਕਰਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇੇ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਸੰਗਰੂਰ ਦੇ ਸੱਦੇ ਤੇ ਰੈਲੀ ਕਰ ਰਹੇ ਵੱਖ ਵੱਖ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕੇਂਦਰ ਸਰਕਾਰ ਉਪਰ ਆਪਣੇ ਉਪਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪਾਰਲੀਮੈਂਟ ਮੈਂਬਰ ਦੀ ਪੁਸ਼ਤ ਪਨਾਹੀ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਮੋਦੀ ਸ਼ਾਹ ਜੁੰਡਲੀ ਦੀ ਸਰਕਾਰ ਦੇਸ਼ ਦੀਆਂ ਘੱਟ ਗਿਣਤੀਆਂ ਦਲਿਤਾਂ ਔਰਤਾਂ ਦੇ ਅਜਿਹੇ ਸੰਵੇਦਨਸ਼ੀਲ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਉਨ੍ਹਾਂ ਨੂੰ ਜ਼ਲੀਲ ਕਰਨ ਅਤੇ ਉਨ੍ਹਾਂ ਉਪਰ ਜ਼ਬਰ ਕਰ ਰਹੀ ਹੈ। ਦਰਜਨਾਂ ਗੰਭੀਰ ਅਪਰਾਧਾਂ ਦਾ ਸਾਹਮਣਾ ਕਰ ਰਹੇ ਬ੍ਰਿਜ ਭੂਸ਼ਨ ਵਰਗੇ ਵਿਅਕਤੀਆਂ ਨੂੰ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਦੇ ਅਹੁਦਿਆਂ ਨਾਲ ਨਿਵਾਜ਼ ਕੇ ਸਰਕਾਰ ਨੇ ਆਪਣੇ ਗੈਰ ਮਨੁੱਖੀ ਅਤੇ ਗੈਰ ਜਮਹੂਰੀ ਤੇ ਜਾਬਰ ਇਰਾਦਿਆਂ ਨੂੰ ਜੱਗ ਜ਼ਾਹਰ ਕਰ ਦਿੱਤਾ ਹੈ। ਉਹਨਾਂ ਖਿਡਾਰਨਾਂ ਨਾਲ ਬਦਸਲੂਕੀ ਕਰਨ ਵਾਲੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ, ਬ੍ਰਿਜ ਭੂਸ਼ਨ ਨੂੰ ਅਹੁਦੇ ਤੋਂ ਬਰਖਾਸਤ ਕਰਕੇ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਰੈਲੀ ਨੂੰ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਸੰਗਰੂਰ ਦੇ ਪ੍ਰਧਾਨ ਸਵਰਨਜੀਤ ਸਿੰਘ, ਸਕੱਤਰ ਕੁਲਦੀਪ ਸਿੰਘ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨਾਂ ਦੇ ਆਗੂ ਲਖਵੀਰ ਸਿੰਘ ਲੌਂਗੋਵਾਲ ਅਤੇ ਧਰਮ ਪਾਲ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭਜਨ ਸਿੰਘ ਢੱਡਰੀਆਂ ਤੇ ਦਰਸ਼ਨ ਕੁਨਰਾਂ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਤੇ ਜ਼ਿਲ੍ਹਾ ਆਗੂ ਕਰਮਜੀਤ ਨਦਾਮਪੁਰ ਤੇ ਕਮਲਜੀਤ ਸਿੰਘ ਬਨਭੌਰਾ, ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਸੂਬਾ ਆਗੂ ਹਰਜੀਤ ਸਿੰਘ ਬਾਲੀਆਂ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਪ੍ਰਧਾਨ ਪਰਮ ਵੇਦ ਅਤੇ ਸੀਤਾਰਾਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂ ਜੁਝਾਰ ਸਿੰਘ ਲੌਂਗੋਵਾਲ, ਡੀ ਟੀ ਐੱਫ ਦੇ ਸੂਬਾ ਜਨਰਲ ਸਕੱਤਰ ਬਲਵੀਰ ਚੰਦ ਲੌਂਗੋਵਾਲ ਅਤੇ ਜ਼ਿਲ੍ਹਾ ਆਗੂ ਦਾਤਾ ਸਿੰਘ, ਬਿਗਲ ਮਜ਼ਦੂਰ ਦਸਤਾ ਦੇ ਆਗੂ ਇਨਜਿੰਦਰ ਸਿੰਘ ਅਤੇ ਪੀ ਐੱਸ ਯੂ ਦੇ ਆਗੂ ਸੁਖਦੀਪ ਹਥਨ ਅਤੇ ਕਮਲਦੀਪ ਕੌਰ ਨੇ ਸੰਬੋਧਨ ਕੀਤਾ।