
ਦਲਜੀਤ ਕੌਰ/ਸੰਗਰੂਰ, 13 ਮਈ, 2023: ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ‘ਚ ਗਰੀਬ ਪਰਿਵਾਰਾਂ ਨਾਲ ਸਬੰਧਤ ਔਰਤਾਂ ਦਾ ਸਮਾਜਿਕ ਤੇ ਆਰਥਿਕ ਜੀਵਨ ਪੱਧਰ ਉੱਚਾ ਚੁੱਕਣ ਲਈ ਗਠਿਤ ਸਵੈ ਸਹਾਇਤਾ ਸਮੂਹਾਂ ਦਾ ਦਾਇਰਾ ਤੇਜ਼ੀ ਨਾਲ ਵੱਡਾ ਹੁੰਦਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਮਹਿਲਾ ਸ਼ਸ਼ਕਤੀਕਰਨ ਦੀ ਮਜ਼ਬੂਤੀ ਲਈ ਇਹ ਮਿਸ਼ਨ ਉਨ੍ਹਾਂ ਔਰਤਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਜੋ ਕਿ ਮਿਹਨਤ ਕਰਕੇ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਵਿਸ਼ਵਾਸ਼ ਰੱਖਦੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਅੱਠ ਬਲਾਕਾਂ ਵਿੱਚ 3310 ਸਵੈ-ਸਹਾਇਤਾ ਸਮੂਹ ਸਫ਼ਲਤਾ ਨਾਲ ਕਾਰਜਸ਼ੀਲ ਹਨ ਜਿਨ੍ਹਾਂ ਵਿੱਚੋਂ 2743 ਸਮੂਹਾਂ ਨੂੰ ਰਿਵਾਲਵਿੰਗ ਫੰਡ ਵਜੋਂ 395.57 ਲੱਖ ਰੁਪਏ ਦੀ ਰਾਸ਼ੀ ਮਾਲੀ ਸਹਾਇਤਾ ਵਜੋਂ ਮੁਹੱਈਆ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 3236 ਸਮੂਹਾਂ ਨੂੰ 50 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ 10 ਹਜ਼ਾਰ ਰੁਪਏ ਤੱਕ 1346.99 ਲੱਖ ਰੁਪਏ ਕਮਿਊਨਟੀ ਇਨਵੈਸਟਮੈਂਟ ਫ਼ੰਡ ਵਜੋਂ ਦਿੱਤੇ ਗਏ ਜਦਕਿ 742 ਸਮੂਹਾਂ ਦੀ ਵੱਖ-ਵੱਖ ਬੈਂਕਾਂ ਤੋਂ 357.00 ਲੱਖ ਰੁਪਏ ਦੀ ਕੈਸ਼ ਕਰੈਡਿਟ ਲਿਮਟ ਬਣਵਾਈ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 8 ਬਲਾਕਾਂ ਸੰਗਰੂਰ, ਅਨਦਾਨਾ, ਸੁਨਾਮ, ਭਵਾਨੀਗੜ੍ਹ, ਧੂਰੀ, ਦਿੜ੍ਹਬਾ, ਸ਼ੇਰਪੁਰ ਅਤੇ ਲਹਿਰਾਗਾਗਾ ਵਿੱਚ ਇਹ ਸਮੂਹ ਕਾਰਜ਼ਸੀਲ ਹਨ। ਮਿਸ਼ਨ ਤਹਿਤ ਕਾਰਜਸ਼ੀਲ ਨੁਮਾਇੰਦਿਆਂ ਵੱਲੋਂ ਪਿੰਡਾਂ ‘ਚ 10 ਤੋਂ 18 ਗਰੀਬ ਅਤੇ ਅਤਿ ਗਰੀਬ ਔਰਤਾਂ ਦੇ ਸਮੂਹਾਂ ਦਾ ਗਠਨ ਕੀਤਾ ਜਾਂਦਾ ਹੈ ਅਤੇ ਬੈਂਕਾਂ ਤੇ ਗ੍ਰਾਮ ਸੰਗਠਨਾਂ ਨਾਲ ਜੋੜ ਕੇ ਘੱਟ ਵਿਆਜ਼ ‘ਤੇ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ ਜਿਸ ਨਾਲ ਇਨ੍ਹਾਂ ਸਮੂਹਾਂ ਦੇ ਮੈਂਬਰ ਆਪਣੇ ਬੱਚਿਆਂ ਦੀ ਪੜ੍ਹਾਈ, ਕਿਸੇ ਕਿਸਮ ਦੀ ਬਿਮਾਰੀ ਦਾ ਇਲਾਜ ਅਤੇ ਆਪਣੀ ਆਮਦਨ ਵਧਾਉਣ ਲਈ ਗਤੀਵਿਧੀਆਂ ਚਲਾਉਂਦੇ ਹਨ ਤਾਂ ਜੋ ਇਹ ਔਰਤਾਂ ਅਗਾਂਹਵਧੂ ਹੋ ਕੇ ਆਪਣੇ ਪਰਿਵਾਰਾਂ ਦਾ ਮਿਆਰੀ ਢੰਗ ਨਾਲ ਪਾਲਣ ਪੋਸ਼ਣ ਕਰ ਸਕਣ ਅਤੇ ਆਪਣੀ ਆਰਥਿਕ ਸਥਿਤੀ ਵਿੱਚ ਲੋੜੀਂਦਾ ਸੁਧਾਰ ਯਕੀਨੀ ਬਣਾ ਸਕਣ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ‘ਚ ਅਜਿਹੀਆਂ ਬਹੁਤ ਔਰਤਾਂ ਹਨ ਜੋ ਕਿ ਇਨ੍ਹਾਂ ਸਮੂਹਾਂ ਰਾਹੀਂ ਮਿਲੀ ਸਹਾਇਤਾ ਸਦਕਾ ਆਪਣੀ ਦੁਕਾਨ, ਬਿਊਟੀ ਪਾਰਲਰ, ਸਿਲਾਈ ਕਢਾਈ, ਡੇਅਰੀ ਫਾਰਮਿੰਗ, ਸਰੋਂ ਦੇ ਤੇਲ ਦਾ ਉਤਪਾਦਨ, ਬੂਟ ਬਣਾਉਣ, ਪੇਂਟਰ, ਕੋਸਮੈਟਿਕ, ਆਟਾ ਪੀਹਣ, ਪਲੰਬਿੰਗ, ਆਚਾਰ-ਮੁਰੱਬਾ, ਮਸਾਲੇ, ਖਿਡੌਣੇ ਆਦਿ ਤਿਆਰ ਕਰਨ ਦੀ ਕਲਾ ਨਾਲ ਆਪਣੀ ਆਮਦਨ ਦੇ ਸਰੋਤ ਪੈਦਾ ਕਰ ਸਕੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮੂਹਾਂ ਨੂੰ ਪੰਜ ਸੂਤਰੀ ਪ੍ਰਣਾਲੀ ਜਿਨ੍ਹਾਂ ‘ਚ ਹਫ਼ਤਾਵਾਰੀ ਮੀਟਿੰਗ, ਹਫ਼ਤਾਵਾਰੀ ਬੱਚਤ, ਨਿਰੰਤਰ ਆਪਸੀ ਲੈਣ-ਦੇਣ, ਨਿਯਮਤ ਕਰਜ਼ਾ ਵਾਪਸੀ ਅਤੇ ਰਿਕਾਰਡ ਸਾਂਭ-ਸੰਭਾਲ ਰਾਹੀਂ ਚਲਾਇਆ ਜਾਂਦਾ ਹੈ ਅਤੇ ਇਹ ਸਮੂਹ ਵੱਖ-ਵੱਖ ਘਰੇਲੂ ਉਤਪਾਦ ਤਿਆਰ ਕਰਕੇ ਆਪਣੀ ਆਰਥਿਕਤਾ ਮਜ਼ਬੂਤ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਵੈ ਸਹਾਇਤਾ ਸਮੂਹ ਦਸਤਕਾਰੀ, ਘਰੇਲੂ ਉਤਪਾਦ, ਪੱਖੀਆਂ, ਫੁਲਕਾਰੀ, ਸਰੋਂ ਦੇ ਤੇਲ ਦਾ ਉਤਪਾਦਨ ਆਦਿ ਦਾ ਕੰਮ ਵੀ ਕਰਦੇ ਹਨ ਅਤੇ ਸਮੇਂ-ਸਮੇਂ ‘ਤੇ ਲੱਗਣ ਵਾਲੇ ਮੇਲਿਆਂ, ਪ੍ਰਦਰਸ਼ਨੀਆਂ ਤੇ ਹੋਰ ਸਟਾਲਾਂ ਰਾਹੀਂ ਵਿਕਰੀ ਕੀਤੀ ਜਾਂਦੀ ਹੈ।