
ਦਲਜੀਤ ਕੌਰ/ਲੌਂਗੋਵਾਲ, 6 ਮਈ, 2023: ਅੱਜ ਕਿਰਤੀ ਕਿਸਾਨ ਯੂਨੀਅਨ ਬਲਾਕ ਲੌਂਗੋਵਾਲ ਦੀ ਮੀਟਿੰਗ ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਲੌਂਗੋਵਾਲ ਵਿਖੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸੂਬਾ ਕਮੇਟੀ ਦੇ ਸੱਦੇ ਤਹਿਤ 26 ਮਈ ਨੂੰ ਮੋਗਾ ਵਿਖੇ ਕੀਤੀ ਜਾ ਰਹੀ ਰੈਲੀ ਦੀ ਤਿਆਰੀ ਸਬੰਧੀ ਡਿਊਟੀਆਂ ਲਗਾਈਆਂ ਗਈਆਂ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਬਲਾਕ ਸਕੱਤਰ ਮਲਕੀਤ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਅਤੇ ਕਿਸਾਨੀ ਗੰਭੀਰ ਸੰਕਟ ਦਾ ਸ਼ਿਕਾਰ ਹੈ।ਇਨ੍ਹਾਂ ਸੰਕਟਾਂ ਨੂੰ ਹੱਲ ਕਰਨ ਵੱਲ ਸਰਕਾਰ ਵੱਲੋਂ ਕੋਈ ਸੁਹਿਰਦ ਪਹੁੰਚ ਨਹੀਂ ਅਪਣਾਈ ਜਾ ਰਹੀ। ਕਿਰਤੀ ਕਿਸਾਨ ਯੂਨੀਅਨ ਵੱਲੋਂ ਹਰ ਇਕ ਖੇਤ ਅਤੇ ਘਰ ਤੱਕ ਨਹਿਰੀ ਪਾਣੀ ਪਹੁੰਚਦਾ ਕਰਨ, ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕਰਨ, ਰਸਾਇਣਕ ਖੇਤੀ ਮਾਡਲ ਦੀ ਥਾਂ ਕੁਦਰਤ ਪੱਖੀ ਅਤੇ ਸਥਾਨਕ ਲੋੜਾਂ ਮੁਤਾਬਕ ਖੇਤੀ ਮਾਡਲ ਤਿਆਰ ਕਰਨ, ਪੰਜਾਬ ਵਿਚ ਖੇਤੀ ਅਧਾਰਤ ਸਨਅਤਾਂ ਲਾਉਣ, ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਸਮੇਤ ਸੂਬਿਆਂ ਦੇ ਵੱਧ ਅਧਿਕਾਰਾਂ ਦੀਆਂ ਮੰਗਾਂ ਨੂੰ ਲੈ ਕੇ 26 ਮਈ ਨੂੰ ਦਾਣਾ ਮੰਡੀ ਮੋਗਾ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਜਿਸ ਦੀਆਂ ਤਿਆਰੀਆਂ ਲਈ ਮੀਟਿੰਗ ਕੀਤੀ ਗਈ, ਜਿਸ ਅਨੁਸਾਰ ਪਿੰਡ ਇਕਾਈਆਂ ਦੀਆਂ ਮੀਟਿੰਗਾਂ ਕਰਨ ਤੋਂ ਬਾਅਦ ਰੈਲੀਆਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ, ਪੋਸਟਰ ਲਗਾਏ ਜਾਣਗੇ ਅਤੇ ਲੀਫਲੈਟ ਵੰਡੇ ਜਾਣਗੇ। ਇਸ ਸਬੰਧੀ ਵੱਖ ਵੱਖ ਪਿੰਡਾਂ ਵਿੱਚ ਬਲਾਕ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਪੂਰੇ ਜ਼ੋਰ ਸ਼ੋਰ ਨਾਲ ਤਿਆਰੀ ਕਰਨ ਤੋਂ ਬਾਅਦ ਬਲਾਕ ਵਿਚੋਂ ਸੈਂਕੜੇ ਕਿਸਾਨਾਂ ਦੇ ਜਥੇ 26 ਮਈ ਦੀ ਮੋਗਾ ਰੈਲੀ ਵਿੱਚ ਸ਼ਾਮਲ ਕਰਵਾਏ ਜਾਣਗੇ ।
ਅੱਜ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ ਪਹੁੰਚੇ। ਇਨ੍ਹਾਂ ਤੋਂ ਬਿਨਾਂ ਬਲਾਕ ਆਗੂ ਰਾਜਾ ਸਿੰਘ ਜੈਦ, ਬਲਵਿੰਦਰ ਸਿੰਘ ਸਾਹੋਕੇ, ਅਵਤਾਰ ਸਿੰਘ ਸਾਹੋਕੇ, ਸਾਹਿਬ ਸਿੰਘ ਤੱਕੀਪੁਰ, ਭਿੰਦਾ ਸਿੰਘ ਢੱਡਰੀਆਂ, ਇਕਾਈ ਪ੍ਰਧਾਨ ਹਰਦੇਵ ਸਿੰਘ ਦੁਲੱਟ, ਨਿੱਕਾ ਸਿੰਘ ਦੁਲਟ, ਮੁਕੰਦ ਸਿੰਘ, ਸਾਧਾ ਸਿੰਘ, ਦਰਸ਼ਨ ਸਿੰਘ ਤੇ ਭਗਵੰਤ ਸਿੰਘ ਹਾਜ਼ਰ ਸਨ।