
ਦਲਜੀਤ ਕੌਰ/ਚੰਡੀਗੜ੍ਹ/ਜਲੰਧਰ, 2 ਅਕਤੂਬਰ, 2023: ਕਿਰਤੀ ਕਿਸਾਨ ਯੂਨੀਅਨ ਵੱਲੋਂ ਭਾਰਤ ਪਾਕਿ ਵਪਾਰ ਖੁਲਵਾਉਣ, ਕੁਦਰਤ ਤੇ ਕਿਸਾਨ ਪੱਖੀ ਖੇਤੀ ਮਾਡਲ ਉਸਾਰਣ ਦੇ ਮਸਲੇ ਤੇ 17 ਅਕਤੂਬਰ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਸੈਮੀਨਾਰ ਕਰਵਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਪ੍ਰੈੱਸ ਸਕੱਤਰ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕੇ ਭਾਰਤ ਪਾਕਿ ਵਪਾਰ ਹੂਸੈਨੀਵਾਲਾ ਤੇ ਵਾਘਾ ਬਾਰਡਰ ਰਾਹੀਂ ਖੁਲਵਾਉਣ ਲਈ ਕਿਰਤੀ ਕਿਸਾਨ ਯੂਨੀਅਨ ਨੇ ਜੋ ਮੁਹਿੰਮ ਵਿੱਢੀ ਹੈ, ਉਸਨੂੰ ਹੋਰ ਵਿਆਪਕ ਬਨਾਉਣ ਲਈ ਪੰਜਾਬ ਭਰ ਦੇ ਬੁੱਧੀਜੀਵੀਆਂ, ਲੇਖਕਾਂ, ਨਾਮੀ ਪੱਤਰਕਾਰਾਂ ਸਮੇਤ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੂੰ ਸੈਮੀਨਾਰ ‘ਚ ਸੱਦਾ ਪੱਤਰ ਭੇਜਿਆ ਜਾਵੇਗਾ ਤਾਂ ਜੋ ਭਾਰਤ ਪਾਕਿ ਵਪਾਰ ਖੁਲਵਾਉਣ ਲਈ ਪੰਜਾਬ ਭਰ ‘ਚ ਇੱਕ ਰਾਇ ਬਣਾ ਕੇ ਇਸਤੇ ਮੁਹਿੰਮ ਤੇਜ ਕੀਤੀ ਜਾ ਸਕੇ। ਕਿਸਾਨ ਆਗੂਆਂ ਕਿਹਾ ਕੇ ਭਾਰਤ ਪਾਕਿ ਵਪਾਰ ਸਮੇਤ ਹਰੇ ਇਨਕਲਾਬ ਦੇ ਜਹਿਰੀਲੇ ਤੇ ਪੰਜਾਬ ਵਿਰੋਧੀ ਖੇਤੀ ਮਾਡਲ ਦੀ ਥਾਂ ਕਾਰਪੋਰੇਟ ਵਿਰੋਧੀ, ਕੁਦਰਤ ਤੇ ਕਿਸਾਨ ਪੱਖੀ ਖੇਤੀ ਮਾਡਲ ਉਸਾਰਣਾ ਵੀ ਪੰਜਾਬ ਦਾ ਅਹਿਮ ਮਸਲਾ ਹੈ।
ਆਗੂਆਂ ਕਿਹਾ ਕੇ ਕਿਰਤੀ ਕਿਸਾਨ ਯੂਨੀਅਨ ਨੇ ਖੇਤੀ ਮਾਡਲ ਤੇ ਖੇਤੀ ਆਧਾਰਿਤ ਸਨਅਤ ਕਿਹੋ ਜਿਹੀ ਹੋਵੇ? ਇਸ ਮਸਲੇ ਤੇ ਪੰਜਾਬ ਸਰਕਾਰ ਨੂੰ ਲਿਖਤੀ ਦਸਤਾਵੇਜ ਵੀ ਭੇਜਿਆ।ਪਰ ਸਰਕਾਰ ਨੇ ਖੇਤੀ ਨੀਤੀ ਲਈ ਇੱਕ ਵਿਦੇਸ਼ੀ ਕੰਪਨੀ ਨੂੰ ਜਿੰਮਾ ਦੇ ਦਿੱਤਾ ਤੇ ਪੰਜਾਬ ਦੇ ਖੇਤੀ ਮਾਹਿਰਾਂ ਤੇ ਕਿਸਾਨ ਲਹਿਰ ਦੇ ਆਗੂਆਂ ਦੀ ਬੁੱਧੀ ਦੀ ਤੌਹੀਨ ਕੀਤੀ ਹੈ। ਉਹਨਾਂ ਕਿਹਾ ਕੇ ਜੇਕਰ ਪੰਜਾਬ ਰਸਤੇ ਪਾਕਿ ਤੇ ਮੱਧ ਪੂਰਬ ਤੱਕ ਵਪਾਰ ਚੱਲੇ ਤੇ ਪੰਜਾਬ ਦੀ ਹਵਾ, ਪਾਣੀ, ਮਿੱਟੀ ਤੇ ਸਿਹਤ ਲਈ ਮਾਰੂ ਬਣਿਆ ਖੇਤੀ ਮਾਡਲ ਬਦਲਿਆ ਜਾਵੇ ਤਾਂ ਪੰਜਾਬ ਦੀ ਨੁਹਾਰ ਬਦਲੀ ਜਾ ਸਕਦੀ ਹੈ ਤੇ ਪੰਜਾਬ ਨੂੰ ਬਹੁਪੱਖੀ ਸੰਕਟਾਂ ਚੋ ਕੱਢਿਆ ਜਾ ਸਕਦਾ ਹੈ।ਪਰ ਇਹ ਤਾਂ ਹੀ ਸੰਭਵ ਹੈ ਜੇਕਰ ਸਮੁੱਚੇ ਪੰਜਾਬ ਪੱਖੀ ਚਿੰਤਕ ਤੇ ਆਗੂ ਸਿਰ ਜੋੜਕੇ ਬੈਠਣ ਤੇ ਪੰਜਾਬ ਪੱਖੀ ਸਾਂਝੀ ਰਾਇ ਬਨਾਉਣ ਇਸੇ ਦਿਸ਼ਾ ਚ ਅੱਗੇ ਵਧਣ ਲਈ 17 ਅਕਤੂਬਰ ਦਾ ਸੈਮੀਨਾਰ ਅਹਿਮ ਕਦਮ ਸਾਬਿਤ ਹੋਵੇਗਾ।
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਕਿਹਾ ਕੇ ਸੈਮੀਨਾਰ ਚ ਸ਼ਿਰਕਤ ਕਰਨ ਲਈ ਸਮੁੱਚੇ ਪੰਜਾਬ ਪੱਖੀ ਲੋਕਾਂ ਨੂੰ ਖੁੱਲਾ ਸੱਦਾ ਹੈ।