ਨਵੀਂ ਦਿੱਲੀ, 7 ਮਈ/ਦਿੱਲੀ ਦੇ ਜੰਤਰ ਮੰਤਰ ’ਤੇ ਪਹਿਲਵਾਨ 23 ਅਪਰੈਲ ਤੋਂ ਪ੍ਰਦਰਸ਼ਨ ਕਰ ਰਹੇ ਹਨ। ਉਹ ਐਸੋਸੀਏਸ਼ਨ ਮੁਖੀ ਬ੍ਰਿਜਭੂਸ਼ਣ ਦੀ ਗ੍ਰਿਫ਼ਤਾਰੀ ਮੰਗ ਰਹੇ ਹਨ ਪਰ ਕੋਈ ਕਾਰਵਾਈ ਨਾ ਹੋਣ ਤੇ ਅੱਜ ਕਿਸਾਨਾਂ ਤੇ ਖਾਪ ਪੰਚਾਇਤਾਂ ਵਲੋਂ ਸਮਰਥਨ ਮਿਲਣ ਤੋਂ ਬਾਅਦ ਪਹਿਲਵਾਨਾਂ ਤੇ ਕਿਸਾਨਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਦਿਆਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇ ਬ੍ਰਿਜਭੂਸ਼ਣ ਦੀ 15 ਦਿਨਾਂ ਅੰਦਰ ਗ੍ਰਿਫ਼ਤਾਰੀ ਨਾ ਹੋਈ ਤਾਂ ਵੱਡਾ ਫੈਸਲਾ ਲਿਆ ਜਾਵੇਗਾ।
ਇਸ ਤੋਂ ਪਹਿਲਾਂ ਜੰਤਰ ਮੰਤਰ ’ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਹੱਕ ਵਿਚ ਅੱਜ ਕਿਸਾਨ ਤੇ ਖਾਪ ਪੰਚਾਇਤਾਂ ਜੁਟ ਗਈਆਂ। ਇਸ ਮੌਕੇ ਬੀਕੇਯੂ (ਉਗਰਾਹਾਂ) ਦੇ ਕਈ ਕਾਰਕੁਨ ਵੀ ਧਰਨਾਕਾਰੀਆਂ ਕੋਲ ਪੁੱਜੇ ਤੇ ਪ੍ਰਦਰਸ਼ਨ ਕੀਤਾ। ਪੁਲੀਸ ਨੇ ਇਸ ਜਥੇਬੰਦੀ ਦੇ ਕੁਝ ਕਾਰਕੁਨਾਂ ਨੂੰ ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਤੋਂ ਰੋਕਿਆ ਜਿਸ ਤੋਂ ਬਾਅਦ ਉਨ੍ਹਾਂ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਸਰਹੱਦ ’ਤੇ ਵਾਹਨਾਂ ਦੀ ਜਾਂਚ ਲਈ ਦਿੱਲੀ ਪੁਲੀਸ ਵੱਲੋਂ ਲਾਏ ਬੈਰੀਕੇਡ ਤੋੜ ਦਿੱਤੇ। ਹਾਲਾਂਕਿ ਬਾਅਦ ’ਚ ਉਨ੍ਹਾਂ ਨੂੰ ਦਿੱਲੀ ’ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ। ਪੰਜਾਬ ਦੇ ਸੈਂਕੜੇ ਕਿਸਾਨ ਤੇ ਕਿਸਾਨ ਬੀਬੀਆਂ ਅੱਜ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਿਊਐਫਆਈ) ਦੇ ਮੁਖੀ ਬ੍ਰਿਜ ਭੂਸ਼ਣ ਖਿਲਾਫ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਰਾਜਧਾਨੀ ਪੁੱਜੇ। ਪਹਿਲਵਾਨਾਂ ਦੇ ਸੰਘਰਸ਼ ਨੂੰ ਉਸ ਵੇਲੇ ਮਜ਼ਬੂਤੀ ਮਿਲੀ ਜਦੋਂ ਕਿਸਾਨ ਆਗੂ ਨਰੇਸ਼ ਟਿਕੈਤ ਤੇ ਰਾਜੇਸ਼ ਟਿਕੈਤ ਆਪਣੇ ਸਮਰਥਕਾਂ ਸਣੇ ਜੰਤਰ ਮੰਤਰ ਪੁੱਜੇ। ਉਨ੍ਹਾਂ ਬ੍ਰਿਜ ਭੂਸ਼ਣ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।ਏਜੰਸੀ
