February 22, 2026 2:53 pm

ਕਿਰਤੀ ਕਿਸਾਨ ਯੂਨੀਅਨ ਵੱਲੋਂ ਮੋਗਾ ਦੀ ਸੂਬਾ ਪੱਧਰੀ ਰੈਲੀ ਦੀ ਤਿਆਰੀਆਂ ਸਬੰਧੀ ਲਾਮਬੰਦੀ ਮੀਟਿੰਗ 

Share:

ਦਲਜੀਤ ਕੌਰ/ਲੌਂਗੋਵਾਲ, 22 ਮਈ, 2023: ਹਰ ਖੇਤ ਤੱਕ ਨਹਿਰੀ ਅਤੇ ਹਰ ਘਰ ਤੱਕ ਸਾਫ਼ ਪੀਣ ਯੋਗ ਪਾਣੀ ਪਹੁੰਚਦਾ ਕਰਨ, ਕੁਦਰਤ ਅਤੇ ਵਾਤਾਵਰਣ ਪੱਖੀ ਤੇ ਹੰਢਣਸਾਰ ਬਦਲਵੇਂ ਖੇਤੀ ਮਾਡਲ ਨੂੰ ਲਾਗੂ ਕਰਵਾਉਣ, ਸਾਰੀ ਖੇਤੀ ਪੈਦਾਵਾਰ ਦੀ ਸਵਾਮੀਨਾਥਨ ਫਾਰਮੂਲੇ ਤਹਿਤ ਐਮ.ਐਸ.ਪੀ. ’ਤੇ ਖਰੀਦ ਦਾ ਗਾਰੰਟੀ ਕਾਨੂੰਨ ਬਣਾਉਣ, ਰਸਾਇਣਕ ਖੇਤੀ ਕਾਰਨ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਤੇ ਲੀਕ ਮਾਰਨੀ ਪੰਜਾਬ ਵਿਚ ਖੇਤੀ ਅਧਾਰਤ ਸਨਅਤਾਂ ਲਗਾਉਣ, ਭਾਰਤ-ਪਾਕਿਸਤਾਨ ਵਪਾਰ ਲਈ ਅਟਾਰੀ ਅਤੇ ਹੁਸੈਨੀਵਾਲਾ ਸੜਕੀ ਲਾਂਘੇ ਖੋਲ੍ਹਣ ਆਦਿ ਮੰਗਾਂ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਮੋਗਾ ਵਿਖੇ 26 ਮਈ ਨੂੰ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਸਬੰਧੀ ਅੱਜ ਪਿੰਡ ਢੱਡਰੀਆਂ ਅਤੇ ਇਕਾਈ ਸਤੀਪੁਰਾ ਵੱਲੋਂ ਗੁੱਗਾ ਮਾੜੀ ਲੌਂਗੋਵਾਲ ਵਿਖੇ ਕਿਸਾਨਾਂ ਦਾ ਇਕੱਠ ਕਰ ਕੇ ਉਪਰੋਕਤ ਮੰਗਾਂ ਸਬੰਧੀ ਜਾਗਰੂਕ ਕਰਕੇ ਉਨ੍ਹਾਂ ਨੂੰ ਰੈਲੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ ਅਤੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਨੇ ਕਿਹਾ ਕਿ ਖੇਤੀ ਸੰਕਟ ਦੀ ਬੁਨਿਆਦੀ ਜੜ੍ਹ ਹਰੇ ਇਨਕਲਾਬ ਦੇ ਕਾਰਪੋਰੇਟ ਪੱਖੀ ਖੇਤੀ ਵਿਕਾਸ ਮਾਡਲ ਵਿੱਚ ਪਈ ਹੈ, ਜਿਸਨੇ ਅੱਜ ਕਿਸਾਨੀ ਦਾ ਵਾਲ-ਵਾਲ ਕਰਜ਼ਾਈ ਕਰਨ ਦੇ ਨਾਲ ਨਾਲ ਪਾਣੀ ਅਤੇ ਵਾਤਾਵਰਨ ਦਾ ਸੰਕਟ ਖੜਾ ਕਰ ਦਿੱਤਾ ਹੈ। ਇਸ ਮਾਡਲ ਨੂੰ ਆਤਮ-ਨਿਰਭਰ, ਜ਼ਹਿਰ ਮੁਕਤ ਕੁਦਰਤ ਪੱਖੀ ਅਤੇ ਲਾਭਕਾਰੀ ਖੇਤੀ ਮਾਡਲ ਨਾਲ ਬਦਲਣ ਦੀ ਲੋੜ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਪਾਣੀ ਦੇ ਸੰਕਟ ਦੇ ਹੱਲ ਲਈ ਅੱਜ ਲੋੜ ਹੈ ਕਿ ‘ਹਰ ਖੇਤ ਤੱਕ ਨਹਿਰੀ ਪਾਣੀ – ਹਰ ਘਰ ਤੱਕ ਪੀਣ ਯੋਗ ਸਾਫ਼ ਪਾਣੀ’ ਦਾ ਨਾਅਰਾ ਪਿੰਡ-ਪਿੰਡ, ਗਲੀ-ਮੁਹੱਲਿਆਂ ਤੱਕ ਆਮ ਲੋਕਾਂ ਦੀ ਆਵਾਜ਼ ਬਣਾਈ ਜਾਵੇ। ਦਰਿਆਈ ਪਾਣੀਆਂ ਦੇ ਮਾਮਲੇ ਰਾਇਪੇਰੀਅਨ ਸਿਧਾਂਤ ਅਨੁਸਾਰ ਹੱਲ ਕੀਤੇ ਜਾਣ। ਕਾਰਪੋਰੇਟ ਖੇਤੀ ਮਾਡਲ ਅਨੁਸਾਰ ਖੇਤੀ ਕਰਨ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਬੀਜਾਂ, ਖਾਦਾਂ, ਨਦੀਨਨਾਸ਼ਕਾਂ, ਕੀਟਨਾਸ਼ਕਾਂ, ਮੋਟਰਾਂ, ਟਰੈਕਟਰਾਂ ਅਤੇ ਹੋਰ ਸੰਦਾਂ ਤੇ ਭਾਰੀ ਖਰਚ ਹੋਣਾ ਪਿਆ ਅਤੇ ਫ਼ਸਲਾਂ ਦੇ ਭਾਅ ਕੀਮਤ ਸੂਚਕ ਅੰਕ ਨਾਲ ਨਹੀਂ ਜੋੜੇ ਗਏ ਕਣਕ-ਝੋਨੇ ਤੋਂ ਬਿਨਾਂ ਬਦਲਵੀਆਂ ਫਸਲਾਂ ਦਾ ਐੱਮਐੱਸਪੀ ਗਾਰੰਟੀ ਕਾਨੂੰਨ ਨਹੀ ਬਣਾਇਆ ਗਿਆ। ਖੇਤੀ ਖਰਚ ਅਤੇ ਆਮਦਨ ਦੇ ਵੱਡੇ ਪਾੜੇ ਕਾਰਨ ਕਿਸਾਨ ਅੱਜ ਕਰਜ਼ੇ ਦੀ ਵੱਡੀ ਮਾਰ ਹੇਠ ਹਨ। ਕਿਸਾਨਾਂ ਦੇ ਕਰਜ਼ੇ ਤੇ ਫੌਰੀ ਲੀਕ ਮਾਰੀ ਜਾਵੇ ਅਤੇ ਪੰਜਾਬ ਵਿੱਚੋਂ ਬੇ-ਰੁਜ਼ਗਾਰੀ ਦਾ ਸੰਕਟ ਖ਼ਤਮ ਕਰਨ ਲਈ ਖੇਤੀ ਅਧਾਰਿਤ ਸਨਅਤ ਲਗਾਈ ਜਾਵੇ, ਬੀਜ ਕਾਰੋਬਾਰ ਅਤੇ ਖੇਤੀ ਉਤਪਾਦਨ ਦੇ ਕਾਰੋਬਾਰ ਵਿੱਚੋਂ ਕਾਰਪੋਰੇਟ ਨੂੰ ਬਾਹਰ ਕੀਤਾ ਜਾਵੇ।
ਪੰਜਾਬ ਦੇ ਵਪਾਰ ਨੂੰ ਹੁਲਾਰਾ ਦੇਣ ਲਈ ਜ਼ਰੂਰੀ ਹੈ ਕਿ ਗੁਆਂਢੀ ਮੁਲਕ ਪਾਕਿਸਤਾਨ ਨਾਲ ਅਟਾਰੀ ਅਤੇ ਹੁਸੈਨੀਵਾਲਾ ਰਾਹੀਂ ਸੜਕ ਰਾਸਤੇ ਵਪਾਰ ਖੋਲ੍ਹਿਆ ਜਾਵੇ।ਇਸੇ ਤਰ੍ਹਾਂ ਜੋ ਕੇਂਦਰ ਲਗਾਤਾਰ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਮਾਰ ਰਿਹਾ ਹੈ ਪੰਜਾਬ ਦੇ ਡੈਮਾਂ ਤੇ ਕਬਜ਼ਾ ਕਰਨਾ, ਘੱਟ ਗਿਣਤੀ ਭਾਈਚਾਰਿਆਂ ਦੀ ਅਵਾਜ ਨੂੰ ਦਬਾਉਣਾ, ਪੰਜਾਬ ਦੇ ਪਾਣੀ ਦੂਜੇ ਸੂਬਿਆਂ ਨੂੰ ਗੈਰ ਸੰਵਿਧਾਨਕ ਤਰੀਕਾ ਰਾਹੀਂ ਦੇਣਾ ਇਨ੍ਹਾਂ ਸਾਰੇ ਮਾਮਲਿਆਂ ਤੇ ਮੋਗਾ ਰੈਲੀ ਵਿੱਚ ਭਰਵੀਂ ਚਰਚਾ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਆਗੂਆਂ ਨੇ ਲੋਕਾਂ ਨੂੰ ਵੱਧ ਚੜ੍ਹ ਕੇ ਮੋਗਾ ਪਹੁੰਚਣ ਦਾ ਸੱਦਾ ਦਿੱਤਾ ਜਿਸ ਤੇ ਹਾਜ਼ਰ ਲੋਕਾਂ ਨੇ ਹੱਥ ਖੜੇ ਕਰ ਕੇ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਯਕੀਨ ਦੁਆਇਆ।
ਇਸ ਮੌਕੇ ਜ਼ਿਲ੍ਹਾ ਆਗੂ ਸੁਰਿੰਦਰ ਸਿੰਘ ਲੌਂਗੋਵਾਲ, ਅਵਤਾਰ ਸਿੰਘ ਸਾਹੋਕੇ, ਵਿੱਤ ਸਕੱਤਰ ਬਲਵਿੰਦਰ ਸਿੰਘ ਸਾਹੋਕੇ, ਹਰਭਜਨ ਸਿੰਘ ਢੱਡਰੀਆਂ, ਇਕਾਈ ਪ੍ਰਧਾਨ ਰਾਮ ਸਿੰਘ, ਹਰਦੇਵ ਸਿੰਘ ਦੁੱਲਟ, ਬਲਾਕ ਆਗੂ ਬਲਵਿੰਦਰ ਸਿੰਘ ਭੋਲਾ, ਦਰਸ਼ਨ ਸਿੰਘ, ਜੀਵਨ ਸਿੰਘ, ਭੋਲਾ ਸਿੰਘ ਪਨਾਂਚ ਆਦਿ ਸਮੇਤ ਵੱਡੀ ਗਿਣਤੀ ਕਿਸਾਨ ਆਗੂ ਹਾਜਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news