
ਦਲਜੀਤ ਕੌਰ/ਸੰਗਰੂਰ, 6 ਜੂਨ, 2023: ਕਾਰਜਕਾਰੀ ਡਿਪਟੀ ਕਮਿਸ਼ਨਰ ਸੰਗਰੂਰ ਵਰਜੀਤ ਵਾਲੀਆ ਵੱਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਮੈਰਿਟ ਵਿੱਚ ਆਉਣ ਵਾਲੇ ਅੱਠਵੀਂ, ਦਸਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਾਰਜਕਾਰੀ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਵੀ ਵਧੇਰੇ ਮਿਹਨਤ ਕਰਨ ਲਈ ਪ੍ਰੇਰਿਆ।
ਜ਼ਿਕਰਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਦਾ ਹਾਲ ਹੀ ਵਿੱਚ ਐਲਾਨਿਆ ਗਿਆ ਨਤੀਜਾ ਸ਼ਾਨਦਾਰ ਰਿਹਾ ਹੈ ਅਤੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ 4 ਵਿਦਿਆਰਥੀਆਂ, 10 ਵਿੱਚ 5 ਅਤੇ ਬਾਰਵੀਂ ਜਮਾਤ ਦੇ ਬੋਰਡ ਦੇ ਨਤੀਜਿਆਂ ਵਿੱਚ 2 ਵਿਦਿਆਰਥੀਆਂ ਨੇ ਮੈਰਿਟ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਅੱਠਵੀਂ ਜਮਾਤ ਦੀ ਮੈਰਿਟ ਵਿਚ ਐਸ.ਐਸ.ਬੀ.ਐਸ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸ.ਸ.ਸ.ਸ.) ਲੜਕੀਆਂ ਲੌਂਗੋਵਾਲ ਦੀ ਵਿਦਿਆਰਥਣ ਮਲਕੀਤ ਕੌਰ, ਸਰਕਾਰੀ ਮਿਡਲ ਸਕੂਲ ਹਰੀਗੜ੍ਹ ਦੀ ਜਸਵੰਧਨਾ ਕੌਰ, ਸਰਕਾਰੀ ਹਾਈ ਸਕੂਲ ਮੰਗਵਾਲ ਦੀ ਜਸਦੀਪ ਕੌਰ ਅਤੇ ਸ਼ਹੀਦ ਊਧਮ ਸਿੰਘ ਸ.ਸ.ਸ.ਸ. ਲੜਕੀਆਂ ਸੁਨਾਮ ਊਧਮ ਸਿੰਘ ਵਾਲਾ ਦੀ ਖੁਸ਼ੀ ਗੁਪਤਾ ਸ਼ਾਮਲ ਹਨ। ਇਸੇ ਤਰ੍ਹਾਂ ਦਸਵੀਂ ਜਮਾਤ ਦੀ ਮੈਰਿਟ ਵਿਚ, ਸ.ਸ.ਸ.ਸ. ਲੜਕੀਆਂ ਭਵਾਨੀਗੜ੍ਹ ਦੀ ਜਸਮੀਤ ਕੌਰ, ਸ.ਸ.ਸ.ਸ. ਜਖੇਪਲ ਦੀ ਨਿਮਨਦੀਪ ਕੌਰ, ਸ.ਸ.ਸ.ਸ. ਕਮਾਲਪੁਰ ਦੀ ਨਵਦਿਸ਼ਾ, ਸ.ਸ.ਸ.ਸ. ਲਹਿਲ ਕਲਾਂ ਦੀ ਅੰਮ੍ਰਿਤਪਾਲ ਕੌਰ ਅਤੇ ਸ਼ਹੀਦ ਊਧਮ ਸਿੰਘ ਸ.ਸ.ਸ.ਸ. ਲੜਕੀਆਂ ਸੁਨਾਮ ਊਧਮ ਸਿੰਘ ਵਾਲਾ ਦੀ ਲਵਲੀਸ਼ ਸ਼ਾਮਲ ਹਨ। ਇਸੇ ਤਰ੍ਹਾਂ ਬਾਰਵੀਂ ਦੀ ਮੈਰਿਟ ਵਿੱਚ ਐਸ.ਐਸ.ਬੀ.ਐਸ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਲੌਂਗੋਵਾਲ ਦੀ ਸਿਮਰਜੀਤ ਕੌਰ ਅਤੇ ਸ.ਸ.ਸ.ਸ. ਡੂਡੀਆਂ ਦੀ ਅੰਜਲੀ ਰਾਣੀ ਸ਼ਾਮਲ ਹਨ।
ਇਸ ਮੌਕੇ ਕਾਰਜਕਾਰੀ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਖ਼ਤ ਮਿਹਨਤ ਨਾਲ ਹੀ ਵਿਅਕਤੀ ਆਪਣੇ ਮਿੱਥੇ ਗਏ ਮੁਕਾਮ ਹਾਸਲ ਕਰ ਸਕਦਾ ਹੈ ਅਤੇ ਇਸ ਲਈ ਇਹ ਜ਼ਰੂਰੀ ਹੈ ਕਿ ਵਿਦਿਆਰਥੀ ਸਭ ਤੋਂ ਪਹਿਲਾਂ ਆਪਣਾ ਮੁਕਾਮ ਮਿੱਥਣ ਅਤੇ ਫ਼ਿਰ ਉਸਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨਾਲ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦੇ ਤਜ਼ਰਬੇ ਵੀ ਸਾਂਝੇ ਕੀਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ ਨਿਤੇਸ਼ ਜੈਨ, ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ, ਉਪ ਜਿਲ੍ਹਾ ਸਿੱਖਿਆ ਅਫਸਰ(ਸੈ:ਸਿੱ:) ਸੰਗਰੂਰ ਪ੍ਰੀਤਇੰਦਰ ਸਿੰਘ ਘਈ,0ਉਪ ਜਿਲ੍ਹਾ ਸਿੱਖਿਆ ਅਫਸਰ (ਸੈ:ਸਿੱ:) ਮੁਹਾਲੀ ਅੰਗਰੇਜ ਸਿੰਘ, ਪ੍ਰਿੰਸੀਪਲ ਨੀਲਮ ਰਾਣੀ, ਪ੍ਰਿੰਸੀਪਲ ਕਰਮਜੀਤ ਕੌਰ, ਪ੍ਰਿੰਸੀਪਲ ਬਲਵਿੰਦਰ ਸਿੰਘ ਬੋਪਾਰਾਏ, ਮੁੱਖ ਅਧਿਆਪਕ ਜਗਤਾਰ ਸਿੰਘ, ਰਾਮਾਨੁਜਨ ਪ੍ਰਬੰਧਕੀ ਟੀਮ ਦੇ ਮੁੱਖ ਪ੍ਰਬੰਧਕ ਦੇਵੀ ਦਿਆਲ, ਸਚਿਨ ਸਿੰਗਲਾ, ਫਕੀਰ ਸਿੰਘ ਟਿੱਬਾ, ਪ੍ਰਿੰਸ ਸਿੰਗਲਾ, ਹਰੀਸ਼ ਕੁਮਾਰ, ਕਮਲਜੀਤ ਸਿੰਘ, ਸਰਬਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਕੂਲਾਂ ਦਾ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ।