
ਫਗਵਾੜਾ-ਕਪੂਰਥਲਾ 12 ਅਪ੍ਰੈਲ (ਦੀਕਸ਼ਾ ਗਾਂਧੀ) ਸਿਹਤ ਵਿਭਾਗ ਕਪੂਰਥਲਾ ਦੇ 4 ਸਿਹਤ ਕੇਂਦਰਾਂ ਨੂੰ ਕਾਇਆ ਕਲਪ ਮੁਹਿੰਮ ਵਿਚ ਖਰਾ ਉਤਰਣ ਲਈ ਸਨਮਾਨਿਤ ਕੀਤਾ ਗਿਆ। ਪਿਛਲੇ ਦਿਨ੍ਹੀਂ ਪਟਿਆਲਾ ਵਿਖੇ ਹੋਏ ਰਾਜ ਪੱਧਰੀ ਸਮਾਰੋਹ ਦੌਰਾਨ ਇਹ ਐਵਾਰਡ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਸਿਹਤ ਕੇਂਦਰਾਂ ਨੂੰ ਭੇਂਟ ਕੀਤੇ ਗਏ। ਉਨ੍ਹਾਂ ਐਵਾਰਡ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਰੌਸ਼ਣਮਈ ਭਵਿੱਖ ਦੀ ਕਾਮਨਾ ਕੀਤੀ। ਇਸ ਸੰਬੰਧੀ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ ਸਬ ਡਵੀਜਨਲ ਹਸਪਤਾਲ ਭੁਲੱਥ, ਸੀ.ਐਚ.ਸੀ. ਬੇਗੋਵਾਲ, ਸੀ.ਐਚ.ਸੀ. ਟਿੱਬਾ ਅਤੇ ਸੀ.ਅਐਚ.ਸੀ. ਕਾਲਾ ਸੰਘਿਆ ਨੂੰ ਕਾਇਆ ਕਲਪ ਮੁਹਿੰਮ ਦੇ ਬਿੰਦੂਆ ਤੇ ਖਰਾ ਉਤਰਣ ਲਈ ਇਹ ਐਵਾਰਡ ਪ੍ਰਾਪਤ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਸਿਹਤ ਕੇਂਦਰਾਂ ਦੀ ਗੁਣਵੱਤਾ ਨੂੰ ਵੇਸਟ ਮੈਨੇਜਮੈਂਟ, ਹਾਈਜੀਨ ਪ੍ਰਮੋਸ਼ਨ, ਰਿਕਾਰਡ ਕੀਪਿੰਗ, ਸਪੋਰਟ ਸਰਵਿਸ, ਇੰਫੈਕਸ਼ਨ ਕੰਟਰੋਲ ਮੈਨੇਜਮੈਂਟ ਆਦਿ ਬਿੰਦੂਆਂ ਦੇ ਆਧਾਰ ਤੇ ਪਰਖਿਆ ਜਾਂਦਾ ਹੈ। ਉਨ੍ਹਾਂ ਇਸ ਸਫਲਤਾ ਲਈ ਇਸ ਮੁਹਿੰਮ ਨਾਲ ਜੁੜੇ ਸਾਰੇ ਸਟਾਫ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਭਵਿੱਖ ਵਿਚ ਵੀ ਇਸੇ ਤਣਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ। ਕਾਇਆ ਕਲਪ ਮੁਹਿੰਮ ਦੇ ਨੋਡਲ ਅਫਸਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸੰਦੀਪ ਭੋਲਾ ਨੇ ਦੱਸਿਆ ਕਿ ਸਰਕਾਰੀ ਸਿਹਤ ਕੇਂਦਰਾਂ ਵਿਚ ਸਫਾਈ ਵਿਵਸਥਾ,ਇੰਫੈਕਸ਼ਨ ਕੰਟਰੋਲ ਆਦਿ ਨੂੰ ਵਧਾਵਾ ਦੇਣਾ ਇਸ ਮੁਹਿੰਮ ਦਾ ਉਦੇਸ਼ ਹੈ ਨਾਲ ਹੀ ਸਰਕਾਰੀ ਸਿਹਤ ਕੇਂਦਰਾਂ ਪ੍ਰਤੀ ਲੋਕਾਂ ਦੇ ਮਨਾਂ ਵਿਚ ਜੋ ਧਾਰਨਾਵਾਂ ਹਨ ਉਨ੍ਹਾਂ ਨੂੰ ਦੂਰ ਕਰਨਾ ਹੈ। ਡਾ.ਸੰਦੀਪ ਭੋਲਾ ਨੇ ਇਹ ਵੀ ਦੱਸਿਆ ਕਿ ਇਸ ਮੁਹਿੰਮ ਤੇ ਖਰਾ ਉਤਰਣ ਲਈ 300 ਦੇ ਕਰੀਬ ਪੈਰਾਮੀਟਰਾਂ ਤੇ ਖਰਾ ਉਤਰਣਾ ਪੈਂਦਾ ਹੈ ਜੋਕਿ ਆਪਣੇ ਆਪ ਵਿ ਚੁਣੋਤੀ ਹੈ। ਉਨ੍ਹਾਂ ਕਾਇਆ ਕਲਪ ਮੁਹਿੰਮ ਨਾਲ ਜੁੜੇ ਸਾਰੇ ਸਟਾਫ ਦੀ ਹੋਂਸਲਾਅਫਜਾਈ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਭਵਿੱਖ ਵਿਚ ਵੀ ਇਸੇ ਗੁਣਵੱਤਾ ਨੂੰ ਕਾਇਮ ਰੱਖਣਗੇ। ਐਵਾਰਡ ਪ੍ਰਾਪਤ ਕਰਨ ਮੌਕੇ ਡਾ.ਮੋਹਨਪ੍ਰੀਤ ਸਿੰਘ, ਡਾ.ਗੁਰਦਿਆਲ ਸਿੰਘ,ਡਾ.ਗੁਣਤਾਸ, ਡਾ.ਮੋਹਿਤ ਪਾਲ, ਡਾ. ਦੀਪਕ ਜੈਨ ਤੋਂ ਇਲਾਵਾ ਹੋਰ ਹਾਜਰ ਸਨ।