
ਨਵੀਂ ਦਿੱਲੀ, 5 ਸਤੰਬਰ/ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਜੀ-20 ਦੇ ਰਾਤਰੀ ਭੋਜ ਸੱਦੇ ‘ਚ ਰਾਸ਼ਟਰਪਤੀ ਨੂੰ ‘ਪ੍ਰੈਜ਼ੀਡੈਂਟ ਆਫ਼ ਇੰਡੀਆ’ ਦੀ ਥਾਂ ‘ਪ੍ਰੈਜ਼ੀਡੈਂਟ ਆਫ ਭਾਰਤ’ ਵਜੋਂ ਸੰਬੋਧਿਤ ਕੀਤਾ ਗਿਆ ਹੈ ਅਤੇ ਵਿਰੋਧੀ ਗਠਜੋੜ ਇੰਡੀਆ ਦੇ ਡਰ ਅਤੇ ਨਫ਼ਰਤ ਕਾਰਨ ਸਰਕਾਰ ਨੇ ਦੇਸ਼ ਦਾ ਨਾਮ ਬਦਲਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੁੱਖ ਵਿਰੋਧੀ ਪਾਰਟੀ ਨੇ ਇਹ ਵੀ ਕਿਹਾ ਕਿ ਵਿਰੋਧੀ ਗਠਜੋੜ ਇਸ ‘ਵੰਡਣ ਵਾਲੀ’ ਰਾਜਨੀਤੀ ਅੱਗੇ ਨਹੀਂ ਝੁਕੇਗਾ ਅਤੇ ਜਿੱਤ ਦਰਜ ਕਰੇਗਾ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਨੈੱਟਵਰਕਿੰਗ ਸਾਈਟ ‘ਐਕਸ’ ‘ਤੇ ਪੋਸਟ ‘ਚ ਕਿਹਾ, ”ਇਹ ਖ਼ਬਰ ਸੱਚ ਹੈ। ਰਾਸ਼ਟਰਪਤੀ ਭਵਨ ਨੇ 9 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਲਈ ਸੱਦਾ ਪੱਤਰ ‘ਪ੍ਰੈਜ਼ੀਡੈਂਟ ਆਫ ਇੰਡੀਆ’ ਦੀ ਥਾਂ ਪ੍ਰੈਜ਼ੀਡੈਂਟ ਆਫ਼ ਭਾਰਤ ਦੇ ਨਾਂ ‘ਤੇ ਭੇਜਿਆ ਹੈ। ਹੁਣ, ਸੰਵਿਧਾਨ ਦੀ ਧਾਰਾ 1 ਵਿੱਚ ਲਿਖਿਆ ਹੈ, ਭਾਰਤ ਭਾਵ ਇੰਡੀਆ ਰਾਜਾਂ ਦਾ ਸੰਘ ਹੋਵੇਗਾ ਪਰ ਹੁਣ ਇਹ ‘ਰਾਜਾਂ ਦੇ ਸੰਘ’ ’ਤੇ ਵੀ ਹਮਲੇ ਹੋ ਰਹੇ ਹਨ।’