
ਹੁਸ਼ਿਆਰਪੁਰ 10 ਅਪ੍ਰੈਲ ( ਤਰਸੇਮ ਦੀਵਾਨਾ ) ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਇਆ ਜਾ ਰਿਹਾ ਅੰਡਰ-16 ਅੰਤਰ-ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਰੇਲਵੇ ਮੰਦਰ ਗਰਾਊਂਡ ਵਿਖੇ ਕਰਵਾਇਆ ਗਿਆ, ਜਿਸ ਵਿੱਚ ਹੁਸ਼ਿਆਰਪੁਰ ਦੀ ਟੀਮ ਦਾ ਕਪੂਰਥਲਾ ਦੀ ਟੀਮ ਨਾਲ ਮੁਕਾਬਲਾ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸਕੱਤਰ ਡਾ: ਰਮਨ ਘਈ ਨੇ ਦੱਸਿਆ ਕਿ ਇਸ ਮੈਚ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹੁਸ਼ਿਆਰਪੁਰ ਦੀ ਟੀਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 220 ਦੌੜਾਂ ਬਣਾਈਆਂ, ਜਿਸ ‘ਚ ਕਪਤਾਨ ਆਰੀਅਨ ਕਸ਼ਯਪ ਨੇ 75 ਦੌੜਾਂ, ਰੁਦਰ ਸ਼ਰਮਾ ਨੇ 47 ਦੌੜਾਂ, ਸਾਹਿਲ ਨੇ 22 ਦੌੜਾਂ, ਹਰਸ਼ ਚੌਹਾਨ ਨੇ 12 ਦੌੜਾਂ, ਪ੍ਰਭਜੀਤ ਸਿੰਘ ਅਤੇ ਆਰੀਅਨ ਸ਼ਰਮਾ ਨੇ 10-10 ਦੌੜਾਂ ਦਾ ਯੋਗਦਾਨ ਦਿੱਤਾ | ਕਪੂਰਥਲਾ ਟੀਮ ਵੱਲੋਂ ਗੇਂਦਬਾਜ਼ ਵਰਦਾਨ ਗਿੱਲ ਅਤੇ ਵਿਕਰਮਜੀਤ ਸਿੰਘ ਨੇ 3-3 ਵਿਕਟਾਂ ਹਾਸਲ ਕੀਤੀਆਂ। ਕਪੂਰਥਲਾ ਦੀ ਟੀਮ ਬੱਲੇਬਾਜ਼ੀ ਕਰਦੇ ਹੋਏ 163/10 ਦੌੜਾਂ ਹੀ ਬਣਾ ਸਕੀ, ਜਿਸ ਵਿੱਚ ਪ੍ਰਾਂਸ਼ੂ ਪ੍ਰਤਾਪ ਨੇ 50 ਦੌੜਾਂ, ਰਣਵੀਰ ਸਿੰਘ ਨੇ 26 ਦੌੜਾਂ ਦਾ ਯੋਗਦਾਨ ਦਿੱਤਾ। ਹੁਸ਼ਿਆਰਪੁਰ ਦੀ ਟੀਮ ਵੱਲੋਂ ਗੇਂਦਬਾਜ਼ੀ ਵਿੱਚ ਆਰੀਅਨ ਅਰੋੜਾ ਨੇ 6 ਵਿਕਟਾਂ, ਸ਼ੁਭਮ ਸੋਨੀ ਨੇ 2 ਵਿਕਟਾਂ, ਕੀਰਤ ਕਪੂਰ ਨੇ 2 ਵਿਕਟਾਂ ਹਾਸਲ ਕੀਤੀਆਂ, ਜਿਸ ਦੀ ਬਦੌਲਤ ਹੁਸ਼ਿਆਰਪੁਰ ਦੀ ਟੀਮ ਜੇਤੂ ਰਹੀ। ਦੂਜੀ ਪਾਰੀ ਵਿਚ ਹੁਸ਼ਿਆਰਪੁਰ ਦੀ ਟੀਮ ਨੇ 6 ਵਿਕਟਾਂ ਦੇ ਨੁਕਸਾਨ ‘ਤੇ 136 ਦੌੜਾਂ ਬਣਾਈਆਂ ਜਿਸ ਵਿਚ ਆਰੀਅਨ ਕਸ਼ਯਪ ਨੇ 55, ਆਰੀਅਨ ਸ਼ਰਮਾ ਨੇ 21, ਹਰਸ਼ ਚੌਹਾਨ ਨੇ 14, ਰੁਦਰ ਸ਼ਰਮਾ ਨੇ 12, ਸਾਹਿਲ ਸਹੋਤਾ ਨੇ 11 ਦੌੜਾਂ ਬਣਾਈਆਂ | ਇਸ ਮੌਕੇ ਜ਼ਿਲ੍ਹਾ ਟਰੇਨਰ ਕੁਲਦੀਪ ਧਾਮੀ, ਕੋਚ ਦਲਜੀਤ ਸਿੰਘ, ਦਲਜੀਤ ਧੀਮਾਨ, ਮਹਿਲਾ ਕੋਚ ਦਵਿੰਦਰ ਕੌਰ ਆਦਿ ਹਾਜ਼ਰ ਸਨ।