
ਪ੍ਰਯਾਗਰਾਜ, 15 ਅਪਰੈਲ/ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ ਅੱਜ ਦੇਰ ਰਾਤ ਇੱਥੇ ਇੱਕ ਮੈਡੀਕਲ ਕਾਲਜ ਨੇੜੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੀਟੀਆਈ ਦੇ ਪੱਤਰਕਾਰਾਂ ਨੇ ਦੇਖਿਆ ਕਿ ਪੁਲੀਸ ਅਤੀਕ ਅਤੇ ਅਸ਼ਰਫ ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਹੋਈਆਂ ਮੌਕੇ ਤੋਂ ਲਿਜਾ ਰਹੀ ਸੀ। ਇਨ੍ਹਾਂ ਦੋਵਾਂ ਨੂੰ 2005 ਦੇ ਉਮੇਸ਼ ਪਾਲ ਹੱਤਿਆ ਕੇਸ ਦੇ ਸਬੰਧ ’ਚ ਇੱਥੇ ਇੱਕ ਅਦਾਲਤ ’ਚ ਚੱਲ ਰਹੀ ਸੁਣਵਾਈ ਦੇ ਸਬੰਧ ਵਿੱਚ ਗੁਜਰਾਤ ਤੋਂ ਪ੍ਰਯਾਗਰਾਜ ਲਿਆਂਦਾ ਗਿਆ ਸੀ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਤੀਕ ਦੇ ਵਕੀਲ ਅਨੁਸਾਰ ਦੋਵਾਂ ਨੂੰ 10 ਤੋਂ ਵੱਧ ਗੋਲੀਆਂ ਲੱਗੀਆਂ ਹਨ ਅਤੇ ਪੁਲੀਸ ਨੇ ਇਸ ਸਬੰਧ ’ਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਹਮਲਾਵਾਰ ਤਿੰਨ ਜਣੇ ਸਨ। ਪੁਲੀਸ ਮੁਲਾਜ਼ਮ ਦੋਵਾਂ ਜਣਿਆਂ ਨੂੰ ਮੈਡੀਕਲ ਲਈ ਲਿਜਾ ਰਹੇ ਸਨ ਅਤੇ ਇਸ ਦੌਰਾਨ ਮੀਡੀਆ ਕਰਮੀਆਂ ਦੇ ਕੈਮਰਿਆਂ ਵਿੱਚ ਵਾਰਦਾਤ ਰਿਕਾਰਡ ਹੋ ਗਈ ਹੈ। ਘਟਨਾ ਮਗਰੋਂ ਇਲਾਕੇ ਵਿੱਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਦੱਸਿਆ ਜਾ ਰਿਹਾ ਹੈ ਹਮਲਾਵਰਾਂ ਨੇ ਬਿਲਕੁਲ ਨੇੜਿਓਂ ਅਤੀਕ ਅਤੇ ਉਸ ਦੇ ਭਰਾ ਨੂੰ ਗੋਲੀਆਂ ਮਾਰੀਆਂ ਅਤੇ ਦੋਵੇਂ ਜ਼ਮੀਨ ’ਤੇ ਡਿੱਗ ਪਏ। ਹਾਲਾਂਕਿ ਤੁਰੰਤ ਬਾਅਦ ਪੁਲੀਸ ਨੇ ਹਮਲਾਵਰਾਂ ਨੂੰ ਕਾਬੂ ਕਰ ਲਿਆ। ਦੱਸਣਯੋਗ ਹੈ ਕਿ ਅਤੀਕ ਅਹਿਮਦ ਦਾ ਬੇਟਾ ਅਸਦ ਤੇ ਉਸ ਦਾ ਇਕ ਸਾਥੀ 13 ਅਪਰੈਲ ਨੂੰ ਝਾਂਸੀ ’ਚ ਪੁਲੀਸ ਮੁਕਾਬਲੇ ’ਚ ਮਾਰੇ ਗਏ ਸਨ। ਅਸਦ ਨੂੰ ਅੱਜ ਹੀ ਦਫਨਾਇਆ ਗਿਆ ਹੈ। -ਪੀਟੀਆਈ