ਪਿਊ ਰਿਸਰਚ ਸੈਂਟਰ ਦੀ ਤਾਜ਼ਾ ਰਿਪੋਰਟ ਅਨੁਸਾਰ, 2035 ਤੱਕ ਇਸਲਾਮ ਈਸਾਈ ਧਰਮ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਸਭ ਤੋਂ ਵੱਡਾ ਧਰਮ ਬਣ ਸਕਦਾ ਹੈ। ਭਾਵੇਂ ਇਹ ਦੋਵੇਂ ਧਰਮ ਵੱਧ ਰਹੇ ਹਨ, ਪਰ ਇਸਲਾਮ ਦੇ ਤੇਜ਼ੀ ਨਾਲ ਵਧਣ ਦਾ ਮੁੱਖ ਕਾਰਨ ਮੁਸਲਮਾਨਾਂ ਵਿੱਚ ਬੱਚਿਆਂ ਦੀ ਵੱਧ ਗਿਣਤੀ (ਉੱਚ ਪ੍ਰਜਨਨ ਦਰ) ਦਾ ਹੋਣਾ ਹੈ।
ਰਿਪੋਰਟ ਮੁਤਾਬਕ, 2020-2025 ਦੌਰਾਨ ਮੁਸਲਮਾਨਾਂ ਵਿੱਚ ਪ੍ਰਜਨਨ ਦਰ ਪ੍ਰਤੀ ਔਰਤ 3.1 ਬੱਚੇ ਸੀ, ਜਦਕਿ ਈਸਾਈਆਂ ਵਿੱਚ ਇਹ ਦਰ 2.5 ਸੀ। ਸਾਲ 2020 ਵਿੱਚ ਦੁਨੀਆ ਭਰ ਵਿੱਚ 2.27 ਅਰਬ ਈਸਾਈ ਅਤੇ 2.02 ਅਰਬ ਮੁਸਲਮਾਨ ਸਨ। ਨਵੇਂ ਅਨੁਮਾਨਾਂ ਮੁਤਾਬਕ, 2035 ਤੱਕ ਮੁਸਲਮਾਨਾਂ ਦੀ ਗਿਣਤੀ 2.57 ਅਰਬ ਹੋ ਜਾਵੇਗੀ, ਜਦਕਿ ਈਸਾਈ 2.52 ਅਰਬ ਰਹਿ ਜਾਣਗੇ। 2070 ਤੱਕ ਮੁਸਲਮਾਨ 3.6 ਅਰਬ ਤੋਂ ਵੱਧ ਅਤੇ ਈਸਾਈ ਤਿੰਨ ਅਰਬ ਦੇ ਕਰੀਬ ਹੋਣਗੇ।
ਪਿਊ ਦਾ ਅਨੁਮਾਨ ਹੈ ਕਿ ਅਗਲੇ 40 ਸਾਲਾਂ ਵਿੱਚ ਅਮਰੀਕਾ ਵਿੱਚ ਈਸਾਈਆਂ ਦਾ ਬਹੁਮਤ ਨਹੀਂ ਰਹੇਗਾ। ਪਿਊ ਅਨੁਸਾਰ, ਹੁਣ ਕੁੱਲ ਆਬਾਦੀ ਵਿੱਚ ਈਸਾਈਆਂ ਦੀ ਹਿੱਸੇਦਾਰੀ 62 ਫੀਸਦੀ ਹੈ, ਜੋ 2065 ਤੱਕ ਘਟ ਕੇ 50 ਫੀਸਦੀ ਤੋਂ ਘੱਟ ਹੋ ਜਾਵੇਗੀ। ਪਿਊ ਅਨੁਸਾਰ, ਗੁਆਂਢੀ ਦੇਸ਼ ਕੈਨੇਡਾ ਵਿੱਚ 2030 ਤੱਕ ਈਸਾਈਆਂ ਦੀ ਗਿਣਤੀ 50 ਫੀਸਦੀ ਤੋਂ ਹੇਠਾਂ ਆ ਜਾਣ ਦੀ ਉਮੀਦ ਹੈ।
ਦੋਵਾਂ ਦੇਸ਼ਾਂ ਵਿੱਚ, ਇਸ ਗਿਰਾਵਟ ਦਾ ਇੱਕ ਵੱਡਾ ਕਾਰਨ ਉਨ੍ਹਾਂ ਲੋਕਾਂ ਦੀ ਗਿਣਤੀ ਵਿੱਚ ਹੋਣ ਵਾਲਾ ਵਾਧਾ ਹੈ, ਜਿਨ੍ਹਾਂ ਦਾ ਕਿਸੇ ਧਰਮ ਨਾਲ ਕੋਈ ਜੁੜਾਅ ਨਹੀਂ ਹੈ। ਅਨੁਮਾਨ ਹੈ ਕਿ 2070 ਤੱਕ, ਅਮਰੀਕਾ ਵਿੱਚ ਅਜਿਹੇ ਲੋਕਾਂ ਦੀ ਹਿੱਸੇਦਾਰੀ ਕੁੱਲ ਆਬਾਦੀ ਦਾ 41 ਫੀਸਦੀ ਹੋ ਜਾਵੇਗੀ ਅਤੇ ਕੈਨੇਡਾ ਵਿੱਚ ਇਨ੍ਹਾਂ ਦੀ ਗਿਣਤੀ ਈਸਾਈਆਂ ਤੋਂ ਵੱਧ ਹੋ ਜਾਵੇਗੀ।
ਪਿਊ ਅਨੁਸਾਰ, 2020 ਤੋਂ 2070 ਦਰਮਿਆਨ ਵਿਸ਼ਵ ਦੀ ਆਬਾਦੀ 29 ਫੀਸਦੀ ਵਧਣ ਦੀ ਉਮੀਦ ਹੈ। ਇਸ ਦੌਰਾਨ ਮੁਸਲਮਾਨਾਂ ਦੀ ਗਿਣਤੀ ਵਿੱਚ 80 ਫੀਸਦੀ ਅਤੇ ਈਸਾਈਆਂ ਵਿੱਚ 30 ਫੀਸਦੀ ਦਾ ਵਾਧਾ ਹੋਵੇਗਾ। ਭਾਵੇਂ ਹਿੰਦੂਆਂ ਅਤੇ ਯਹੂਦੀਆਂ ਦੀ ਗਿਣਤੀ ਵੱਧ ਰਹੀ ਹੈ, ਪਰ ਆਲਮੀ ਆਬਾਦੀ ਦੇ ਅਨੁਪਾਤ ਵਿੱਚ ਉਨ੍ਹਾਂ ਦਾ ਹਿੱਸਾ ਘਟੇਗਾ, ਜਦਕਿ ਬੋਧੀਆਂ ਦੀ ਕੁੱਲ ਆਬਾਦੀ ਘਟਣ ਦਾ ਅਨੁਮਾਨ ਹੈ।
ਪਿਊ ਦਾ ਅਨੁਮਾਨ ਹੈ ਕਿ, ਆਉਣ ਵਾਲੇ ਦਹਾਕਿਆਂ ਵਿੱਚ ਆਬਾਦੀ ਦਾ ਸਭ ਤੋਂ ਵੱਧ ਵਾਧਾ ਅਫਰੀਕਾ ਵਿੱਚ ਹੋਵੇਗਾ। 2070 ਤੱਕ ਕਾਂਗੋ ਅਮਰੀਕਾ ਨੂੰ ਪਿੱਛੇ ਛੱਡ ਕੇ ਸਭ ਤੋਂ ਵੱਧ ਈਸਾਈ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਦੂਜੇ ਪਾਸੇ, ਜੇਕਰ ਮੌਜੂਦਾ ਰੁਝਾਨ ਜਾਰੀ ਰਹੇ, ਤਾਂ 2070 ਤੱਕ ਪਾਕਿਸਤਾਨ ਦੁਨੀਆ ਦੀ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਦੇਸ਼ ਬਣੇਗਾ, ਜਿਸ ਤੋਂ ਬਾਅਦ ਭਾਰਤ ਦਾ ਨੰਬਰ ਆਵੇਗਾ। ਜਦਕਿ ਹੁਣ ਇੰਡੋਨੇਸ਼ੀਆ ਵਿੱਚ ਸਭ ਤੋਂ ਵੱਧ ਮੁਸਲਮਾਨ ਹਨ।