ਸੋਨੀਆ ਗਾਂਧੀ ਦੀ ਸਵੈ-ਜੀਵਨੀ ਵਿੱਚ ਹਿੰਦੁਤਵ ਵਿਚਾਰਕ ਵੀ.ਡੀ. ਸਾਵਰਕਰ ਬਾਰੇ ਕੀਤੀਆਂ ਟਿੱਪਣੀਆਂ ਖ਼ਿਲਾਫ਼ ਮੁੰਬਈ ਵਿੱਚ ਸ਼ਿਵ ਸੈਨਾ ਆਗੂਆਂ ਦੇ ਪ੍ਰਦਰਸ਼ਨ ਦੌਰਾਨ ਬੁੱਧਵਾਰ ਨੂੰ ਉਸ ਵੇਲੇ ਵੱਡਾ ਵਿਵਾਦ ਖੜ੍ਹਾ ਹੋ ਗਿਆ, ਜਦੋਂ ਪਾਰਟੀ ਆਗੂ ਸ਼ੈਨਾ ਐੱਨਸੀ ਵੱਲੋਂ ਅਣਜਾਣੇ ਵਿੱਚ ਪਾਰਟੀ ਸੰਸਥਾਪਕ ਸਵਰਗੀ ਬਾਲ ਸਾਹਿਬ ਠਾਕਰੇ ਦੀ ਤਸਵੀਰ ਵਾਲਾ ਕਾਗਜ਼ ਪਾੜਿਆ ਗਿਆ।
ਸ਼ਿਵ ਸੈਨਾ ਵੱਲੋਂ ਆਯੋਜਿਤ ਪ੍ਰੈੱਸ ਕਾਨਫਰੰਸ ਵਿੱਚ ਸ਼ੈਨਾ ਐੱਨਸੀ, ਸੰਜੇ ਨਿਰੁਪਮ, ਸ਼ੀਤਲ ਮਹਾਤਰੇ ਅਤੇ ਆਨੰਦ ਦੂਬੇ ਸਮੇਤ ਕਈ ਆਗੂ ਹਾਜ਼ਰ ਸਨ। ਇੱਥੇ ਆਗੂਆਂ ਨੇ ਸੋਨੀਆ ਗਾਂਧੀ ਦੀ ਪੁਸਤਕ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਦੀਆਂ ਕਾਪੀਆਂ ਸਾੜਦਿਆਂ ਰੋਸ ਪ੍ਰਦਰਸ਼ਨ ਕੀਤਾ। ਇਸ ਕਿਤਾਬ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਵਰਕਰ ਨੇ ਅੰਗਰੇਜ਼ਾਂ ਨੂੰ ਦਇਆ ਪਟੀਸ਼ਨਾਂ ਭੇਜੀਆਂ ਸਨ ਅਤੇ ਆਰਐੱਸਐੱਸ ਮੈਂਬਰਾਂ ਨੇ ਮੁਖਬਰਾਂ ਵਜੋਂ ਕੰਮ ਕੀਤਾ ਸੀ। ਪ੍ਰਦਰਸ਼ਨ ਦੌਰਾਨ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਪਾਰਟੀ ਦੇ ਆਗੂਆਂ ਨੇ ਸ਼ਿਵ ਸੈਨਾ (ਯੂਬੀਟੀ) ਦੇ ਆਗੂਆਂ ਦੀਆਂ ਤਸਵੀਰਾਂ ਵੀ ਪਾੜ ਦਿੱਤੀਆਂ।
ਇਸੇ ਦੌਰਾਨ ਸ਼ੈਨਾ ਐੱਨਸੀ ਤੋਂ ਅਣਜਾਣੇ ਵਿੱਚ ਇੱਕ ਅਜਿਹਾ ਕਾਗਜ਼ ਪਾੜਿਆ ਗਿਆ ਜਿਸ ਉੱਤੇ ਸਾਬਕਾ ਕੇਂਦਰੀ ਮੰਤਰੀ ਮਣੀ ਸ਼ੰਕਰ ਅਈਅਰ ਦੇ ਪੁਤਲੇ ਦੀ ਤਸਵੀਰ ਛਪੀ ਸੀ ਅਤੇ ਜਿਸ ਨੂੰ ਬਾਲ ਸਾਹਿਬ ਠਾਕਰੇ ਵੱਲੋਂ ਚਪੇੜ ਮਾਰਦਿਆਂ ਦਿਖਾਇਆ ਗਿਆ ਸੀ। ਗ਼ਲਤੀ ਦਾ ਅਹਿਸਾਸ ਹੋਣ ’ਤੇ ਉਹ ‘ਸੌਰੀ’ ਬੋਲਦੀ ਹੋਈ ਨਜ਼ਰ ਆਈ।