ਮਜੀਠਾ May 26,ਨਗਰ ਕੌਂਸਲ ਮਜੀਠਾ ਦੀ ਚੋਣ ਦੌਰਾਨ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵਰਕਰਾਂ ਵਿਚਕਾਰ ਹੋਏ ਝਗੜੇ ਵਿੱਚ ਦੋ ਅਕਾਲੀ ਵਰਕਰ ਜ਼ਖ਼ਮੀ ਹੋ ਗਏ। ਅਕਾਲੀ ਵਰਕਰਾਂ ਦੀ ਸੁਣਵਾਈ ਨਾ ਹੁੰਦਿਆਂ ਵੇਖ ਬਿਕਰਮ ਸਿੰਘ ਮਜੀਠੀਆ ਮੌਕੇ ‘ਤੇ ਪਹੁੰਚੇ ਅਤੇ ਐੱਸ ਐੱਸ ਪੀ (SSP) ਅੰਮ੍ਰਿਤਸਰ ਦਿਹਾਤੀ ਸੁਹੇਲ ਮੀਰ ਕਾਸਿਮ ਨਾਲ ਬਹਿਸਦੇ ਹੋਏ ਨਜ਼ਰ ਆਏ।
ਥਾਣਾ ਮਜੀਠਾ ਵਿੱਚ ਜਦੋਂ ਬਿਕਰਮ ਸਿੰਘ ਮਜੀਠੀਆ ਪਹੁੰਚੇ ਤਾਂ ਉੱਥੇ ‘ਆਪ’ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵੀ ਪਹੁੰਚ ਗਏ। ਇਸ ਦੌਰਾਨ ਮਜੀਠੀਆ ਵੱਲੋਂ ਪੁਲੀਸ ਉੱਪਰ ਸਰਕਾਰ ਦੀ ਕਠਪੁਤਲੀ ਬਣ ਕੇ ਕੰਮ ਕਰਨ ਦੇ ਦੋਸ਼ ਲਗਾਏ ਗਏ, ਜਦੋਂ ਕਿ ਐੱਸ ਐੱਸ ਪੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਾ ਕਰਨ ਦੀ ਗੱਲ ਕਹੀ ਗਈ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਦੋਂ ਇੱਕ ਸਿੱਖ ਨੌਜਵਾਨ ਦੀ ਦਸਤਾਰ ਉਤਾਰ ਕੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਜਾਵੇ ਅਤੇ ਉਹੀ ਜ਼ਖ਼ਮੀ ਨੌਜਵਾਨ ਪੁਲੀਸ ਅੱਗੇ ਇਨਸਾਫ਼ ਲਈ ਹੱਥ ਜੋੜਦਾ ਫਿਰੇ ਪਰ ਫਿਰ ਵੀ ਇਨਸਾਫ਼ ਨਾ ਮਿਲੇ, ਤਾਂ ਸਮਝ ਲਵੋ ਕਿ ਮਜੀਠਾ ਵਿੱਚ ਕਾਨੂੰਨ ਨਹੀਂ, ਸਗੋਂ ਭਗਵੰਤ ਮਾਨ ਦੇ ਗੁੰਡਿਆਂ ਦਾ ਰਾਜ ਚੱਲ ਰਿਹਾ ਹੈ।
ਉਧਰ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਦੋਸ਼ ਲਾਇਆ ਕਿ ਮਜੀਠੀਆ ਨੇ ਆ ਕੇ ਮਾਹੌਲ ਖ਼ਰਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਬਾਹਰੋਂ ਗੁੰਡੇ ਲੈ ਕੇ ਆਇਆ ਸੀ ਅਤੇ ਇੱਥੇ ਆ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਗਲ਼ ਪਿਆ। ਇੱਥੋਂ ਤੱਕ ਕਿ ਜਬਰੀ ਇੱਕ ਵਰਕਰ ਨੂੰ ਗੱਡੀ ਵਿੱਚ ਸੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਕਿਸੇ ਨੇ ਵੀ ਉਸ ਦੀ ਪੱਗ ਨਹੀਂ ਉਤਾਰੀ, ਸਗੋਂ ਉਸ ਦੀ ਪੱਗ ਆਪ ਹੀ ਡਿੱਗਣ ਕਾਰਨ ਲੱਥੀ ਹੈ। ਗਿੱਲ ਨੇ ਕਿਹਾ ਕਿ ਹੁਣ ਮਜੀਠੀਆ ਦੀਆਂ ਧੱਕੇਸ਼ਾਹੀਆਂ ਨਹੀਂ ਚੱਲਣਗੀਆਂ। ਦੱਸ ਦੇਈਏ ਕਿ ਅੱਜ ਸਾਰਾ ਦਿਨ ਇੱਥੇ ਮਾਹੌਲ ਤਣਾਅਪੂਰਨ ਹੀ ਬਣਿਆ ਰਿਹਾ।