February 4, 2026 6:38 pm

ਮਾ ਕਰਤਾਰ ਸਿੰਘ ਜੀ ਠੀਕਰੀਵਾਲਾ ਦੇ 13 ਅਪ੍ਰੈਲ ਸ਼ਰਧਾਂਜਲੀ ਸਮਾਗਮ ਤੇ ਵਿਸ਼ੇਸ਼

Share:

ਦਲਜੀਤ ਕੌਰ-ਸੰਗਰੂਰ/ਬਰਨਾਲਾ, 12 ਅਪ੍ਰੈਲ, 2023: “ਮੈਂ ਉਨ੍ਹਾਂ ਲੋਕਾਂ ਵਿੱਚੋਂ ਨਹੀਂ ਹਾਂ, ਜੋ ਸਿਰਫ ਨਾਂ ਚਮਕਾਉਣ ਵਿੱਚ ਯਕੀਨ ਰੱਖਦੇ ਹਨ, ਮੈਂ ਸਮਾਜ ਨੂੰ ਸਹੀ ਸੇਧ ਦੇਣ ਲਈ ਸੱਚ ਦੇ ਮਾਰਗ ‘ਤੇ ਤੁਰਦਾ ਰਹਿਣ ਵਿੱਚ ਯਕੀਨ ਰੱਖਦਾ ਹਾਂ।” ਇਹ ਸਤਰਾਂ ਮਾਤਾ ਭਗਵਾਨ ਕੌਰ ਦੀ ਪਵਿੱਤਰ ਕੁੱਖੋਂ ਮਿਤੀ 17-06-1940 ਨੂੰ ਸ਼ਹੀਦ ਸ੍ਰ. ਸੇਵਾ ਸਿੰਘ ਠੀਕਰੀਵਾਲਾ ਦੀ ਪਵਿੱਤਰ ਧਰਤੀ ਠੀਕਰੀਵਾਲਾ ਵਿਖੇ ਸ੍ਰ. ਹੀਰਾ ਸਿੰਘ ਔਲਖ ਦੇ ਘਰ ਮੱਧ ਵਰਗੀ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ ਕਰਤਾਰ ਸਿੰਘ ਉੱਪਰ ਐਨ ਢੁੱਕਦੀਆਂ ਹਨ। ਕਰਤਾਰ ਸਿੰਘ ਹੁਰਾਂ ਨੇ ਦਸਵੀਂ ਜਮਾਤ ਠੀਕਰੀਵਾਲ ਤੋਂ ਕਰਨ ਉਪਰੰਤ ਜੇਬੀਟੀ ਸਰਕਾਰੀ ਹਾਈ ਸਕੂਲ ਸੁਖਪੁਰਾ ਤੋਂ ਪਾਸ ਕੀਤੀ। ਜਵਾਨੀ ਪਹਿਰੇ ਬਾਪੂ ਹੀਰਾ ਸਿੰਘ ਨਾਲ ਖੇਤੀ ਕਿੱਤਾ ਕਰਦਿਆਂ ਮਿੱਟੀ ਨਾਲ ਮਿੱਟੀ ਹੋਇਆ, ਬਲਦਾਂ ਨਾਲ ਖੇਤੀ ਕੀਤੀ, ਖੇਤਾਂ ਵਿੱਚ ਰੱਜਕੇ ਖੂਨ ਪਸੀਨਾ ਡੋਲਿਆ। ਲੰਬੇ ਕੱਦ-ਕਾਠ ਵਾਲੇ, ਹੱਡਾਂ ਦਾ ਖੁੱਲ੍ਹਾ ਡੁੱਲਾ ਕਰਤਾਰ ਸਿੰਘ ਆਪਣੇ ਸਮੇਂ ਦੇ ਵਧੀਆ ਕਬੱਡੀ ਖਿਡਾਰੀ ਸਨ। 28-07-1970 ਨੂੰ ਸਰਕਾਰੀ ਪ੍ਰਾਇਮਰੀ ਪੰਧੇਰ ਤੋਂ ਬਤੌਰ ਜੇ.ਬੀ.ਟੀ. ਟੀਚਰ ਸਰਕਾਰੀ ਨੌਕਰੀ ਦਾ ਸਫਰ ਸ਼ੁਰੂ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਹਮੀਦੀ ਵਿਖੇ ਦਸ ਸਾਲ ਦਾ ਲੰਬਾ ਅਰਸਾ ਗਿਆਨ ਦਾ ਭੰਡਾਰ ਵੰਡਣ ਤੋਂ ਬਾਅਦ, ਸਰਕਾਰੀ ਪ੍ਰਾਇਮਰੀ ਸਕੂਲ ਠੀਕਰੀਵਾਲ ਵਿਖੇ ਪੂਰੀ ਤਨਦੇਹੀ ਨਾਲ ਸੇਵਾ ਨਿਭਾਕੇ 30-06-1998 ਨੂੰ ਮਾਣਮੱਤੀ ਸੇਵਾ ਮੁਕਤੀ ਹਾਸਲ ਕੀਤੀ। ਆਪਣੇ ਸੇਵਾ ਕਾਲ ਦੌਰਾਨ ਕਰਤਾਰ ਸਿੰਘ ਆਪਣੇ ਵਿਸ਼ੇ ਨਾਲ ਇਨਸਾਫ ਕਰਨ ਵਾਲੇ ਪ੍ਰਤੀਬੱਧ ਅਧਿਆਪਕ ਵਜੋਂ ਜਾਣੇ ਜਾਂਦੇ ਸਨ। ਦ੍ਰਿੜ ਇਰਾਦੇ, ਲਗਨ, ਮਿਹਨਤੀ, ਅਨੁਸ਼ਾਸ਼ਨ ਵਿੱਚ ਬੱਝੇ ਹੋਏ, ਕਰਤਾਰ ਸਿੰਘ ਆਪ ਚੰਗੇ ਕਬੱਡੀ ਖਿਡਾਰੀ ਹੋਣ ਕਰਕੇ ਵਿਦਿਅਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਵਿਸ਼ੇਸ਼ ਰੁਚੀ ਰੱਖਦੇ ਸਨ ਅਤੇ ਇਨ੍ਹਾਂ ਦੀ ਪ੍ਰੇਰਨਾ ਸਦਕਾ ਬਹੁਤ ਸਾਰੇ ਚੰਗੇ ਕਬੱਡੀ ਖਿਡਾਰੀ ਪੈਦਾ ਹੋਏ। ਬੇਰੁਜਗਾਰ ਅਧਿਆਪਕ ਯੂਨੀਅਨ ਦੇ ਹੱਕੀ ਸੰਘਰਸ਼ ਵਿੱਚ ਪੂਰੀ ਸ਼ਿੱਦਤ ਨਾਲ ਭਾਗ ਲਿਆ। ਅਧਿਆਪਕ ਹਿੱਤਾਂ, ਵਿੱਦਿਆ ਦੇ ਖੇਤਰ ਨੂੰ ਬਚਾਉਣ ਸਮੇਤ ਸਰਕਾਰਾਂ ਦੀਆਂ ਲੋਕ-ਮੁਲਾਜਮ ਵਿਰੋਧੀ ਨੀਤੀਆਂ ਖਿਲ਼ਾਫ ਚੱਲੇ ਹਰ ਸੰਘਰਸ਼ ਵਿੱਚ ਪੂਰੀ ਤਨਦੇਹੀ ਨਾਲ ਭਾਗ ਲਿਆ ਅਤੇ ਆਗੂ ਰੋਲ ‌ਨਿਭਾਇਆ। ਸੇਵਾਮੁਕਤੀ ਸਮੇਂ ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ ਦੇ ਤਹਿਸੀਲ ਸਕੱਤਰ ਵਜੋਂ ਜਿੰਮੇਵਾਰੀ ਨਿਭਾ ਰਹੇ ਸੀ।
ਫਰਵਰੀ 1971 ਵਿੱਚ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਗੁਰਮ ਪਰਿਵਾਰ ਦੀ ਧੀ ਸ਼੍ਰੀਮਤੀ ਬਲਵੀਰ ਕੌਰ ਨਾਲ ਵਿਆਹੁਤਾ ਜਿੰਦਗੀ ਦਾ ਸਫਰ ਸ਼ੁ੍ਰੂ ਕੀਤਾ। ਦੋਵੇਂ ਬੇਟਿਆਂ ਤੇ ਬੇਟੀ ਦਾ ਵਧੀਆ ਢੰਗ ਨਾਲ ਪਾਲਣ ਪੋਸ਼ਣ ਕੀਤਾ, ਚੰਗੀ ਪੜ੍ਹਾਈ ਕਰਵਾਈ, ਚੰਗੇ ਸਮਾਜਿਕ ਸਰੋਕਾਰ ਦਿੱਤੇ। ਤਿੰਨੇ ਬੱਚੇ ਆਪਣੇ ਪ੍ਰੀਵਾਰਾਂ ਸਮੇਤ ਬਹੁਤ ਵਧੀਆ ਸਨਮਾਨਜਨਕ ਜੀਵਨ ਬਤੀਤ ਕਰ ਰਹੇ ਹਨ। ਮਾ. ਕਰਤਾਰ ਸਿੰਘ ਹੁਰਾਂ ਨੇ ਆਪ ਸਮਾਜਿਕ ਫਰਜ ਅਦਾ ਕੀਤੇ ਅਤੇ ਇਨ੍ਹਾਂ ਦੇ ਲੋਕ ਪੱਖੀ ਵਿਚਾਰਾਂ ਦੀ ਪੂੰਜੀ ਦੀ ਵਿਰਾਸਤ ਅੱਜ ਕੱਲ੍ਹ ਇਨ੍ਹਾਂ ਦਾ ਵੱਡਾ ਬੇਟਾ ਕੁਲਵੀਰ ਸਿੰਘ ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਸਿਜ ਯੂਨੀਅਨ ਰਜਿ ਵਿੱਚ ਸਰਕਲ ਸਕੱਤਰ ਵਜੋਂ ਅਹਿਮ ਜਿੰਮੇਵਾਰੀ ਨਿਭਾ ਰਿਹਾ ਹੈ। ਮਿਹਨਤੀ ਸੁਭਾਅ ਦਾ ਮਾਲਕ ਛੋਟਾ ਬੇਟਾ ਕੁਲਵੰਤ ਪੈਸਟੀਸਾਈਡ ਦਾ ਸਫਲ ਕਾਰੋਬਾਰ ਕਰਦਾ ਹੋਇਆ ਵੀ, ਸਮਾਜਿਕ ਸਰੋਕਾਰਾਂ ਪ੍ਰਤੀ ਪੂਰਾ ਸੁਹਿਰਦ ਹੈ।
ਮਾ. ਕਰਤਾਰ ਸਿੰਘ ਜੀ ਸੇਵਾ ਮੁਕਤੀ ਹਾਸਲ ਕਰਨ ਤੋਂ ਬਾਅਦ ਵੀ ਘਰ ਦੀ ਚਾਰਦੀਵਾਰੀ ਵਿੱਚ ਕੈਦ ਨਹੀਂ ਹੋਏ ਸਗੋਂ 25 ਸਾਲ ਤੋਂ ਲੱਟ-ਲੱਟ ਕਰਕੇ ਬਲ ਰਹੇ ਮਹਿਲਕਲਾਂ ਲੋਕ ਸੰਘਰਸ਼ ਵਿੱਚ ਪਾਇਆ ਯੋਗਦਾਨ ਆਉਣ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ। ਇੱਥੇ ਹੀ ਬੱਸ ਨਹੀਂ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਾਉਣ ਲਈ ਅਕਤੂਬਰ 2020 ਤੋਂ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਸ਼ੁਰੂ ਹੋਏ ਸੰਘਰਸ਼ ਵਿੱਚ ਬਿਨ ਨਾਗਾ ਯੋਗਦਾਨ ਪਾਇਆ। ਅਨੇਕਾਂ ਵਾਰ ਇਸ ਸੰਘਰਸ਼ ਵਿੱਚ ਆਰਥਿਕ ਯੋਗਦਾਨ ਪਾਇਆ। ਇੱਕ ਸੁਹਿਰਦ ਅਧਿਆਪਕ ਹੋਣ ਦੇ ਨਾਤੇ ਸਾਹਿਤ ਪੜ੍ਹਨ ਵਿੱਚ ਰੁਚੀ ਸੀ, ਸਾਹਿਤ ਨੂੰ ਸਿਰਫ ਪੜ੍ਹਨ ਤੱਕ ਹੀ ਸੀਮਤ ਨਹੀਂ ਸਨ, ਸਗੋਂ ਬਾਰੀਕੀ ਨਾਲ ਨਿਹਾਰਦੇ, ਉਸਾਰੀ ਅਲੋਚਨਾਤਮਕ ਚਰਚਾ ਵੀ ਕਰਦੇ ਸਨ। ਗਲਤ ਵਿਚਾਰਾਂ ਪ੍ਰਤੀ ਬੇਬਾਕ ਅਲੋਚਨਾ ਕਰਨੀ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ, ਮਾ ਕਰਤਾਰ ਸਿੰਘ ਹੁਰਾਂ ਦੇ ਹਿੱਸੇ ਇਹ ਗੱਲ ਆਈ। ਮਾ ਕਰਤਾਰ ਸਿੰਘ ਜੀ ਆਪਣੀ ਔਲਾਦ ਪ੍ਰਤੀ ਵੀ ਇਉਂ ਹੀ ਸੋਚਦੇ ਅਤੇ ਲਾਗੂ ਕਰਨ ਲਈ ਪ੍ਰੇਰਦੇ ਸਨ। ਸਾਂਝੇ ਕਿਸਾਨ ਅੰਦੋਲਨ ਜਾਂ ਮਹਿਲਕਲਾਂ ਲੋਕ ਘੋਲ ਸਮੇਂ ਠੀਕ ਦਿਸ਼ਾ ਵਿੱਚ ਅੱਗੇ ਵਧ ਰਹੇ ਵਿਚਾਰਾਂ ਨੂੰ ਉਤਸ਼ਾਹਿਤ ਕਰਨਾ ਅਤੇ ਪਾਟਕਪਾਊ ਵਿਚਾਰਾਂ ਦੀ ਘੇਰਕੇ ਸਾਰ ਲੈਣਾ, ਤਿੱਖੀ ਬੇਬਾਕ ਅਲੋਚਨਾ ਕਰਨਾ ਮਾ ਕਰਤਾਰ ਸਿੰਘ ਹੁਰਾਂ ਦੀ ਵਿਗਿਆਨਕ ਸੋਝੀ ਦਾ ਪ੍ਰਤੀਕ ਹੈ। ਮਾ ਕਰਤਾਰ ਸਿੰਘ ਊਚ-ਨੀਚ, ਧਾਰਮਿਕ, ਕੱਟੜਤਾ, ਜਾਤ-ਪਾਤ ਦੇ ਭਰਮ ਭੁਲੇਖਿਆਂ ਤੋਂ ਬਚ ਕੇ ਰਹਿਣ ਵਾਲੇ ਸਨ। ਸਮਾਜਵਾਦੀ ਸੋਚ ਦੇ ਧਾਰਨੀ ਗ਼ਰੀਬਾਂ, ਮਜ਼ਦੂਰਾਂ ਦੀਆਂ ਮੁਸ਼ਕਿਲਾਂ ਨੂੰ ਸਮਝ ਕੇ ਉਹਨਾਂ ਨਾਲ ਹਮਦਰਦੀ ਕਰਦੇ ਰਹੇ ਹਨ। ਉਨ੍ਹਾਂ ਨੂੰ ਹਮੇਸ਼ਾ ਜ਼ਿੰਦਗੀ ਨਾਲੋਂ ਇੱਜ਼ਤ ਪਿਆਰੀ ਰਹੀ ਹੈ। ਸਕੂਲ ਭਲਾਈ ਦੇ ਨਾਲ-ਨਾਲ ਆਪ ਨੇ ਪਿੰਡ ਭਲਾਈ ਦੇ ਕੰਮਾਂ ਵਿੱਚ ਵੀ ਮੂਹਰਲੀਆਂ ਸਫ਼ਾਂ ਵਿੱਚ ਰਹਿੰਦੇ ਹੋਏ ਕੰਮ ਕੀਤਾ ਹੈ। ਪਿੰਡ ਸੁਧਾਰ ਸਭਾ ਬਨਾਉਣ ਵਿੱਚ ਆਪ ਜੀ ਦਾ ਖ਼ਾਸ ਹੱਥ ਸੀ।
ਮਾ ਕਰਤਾਰ ਸਿੰਘ ਧਾਰਮਿਕ ਰੁਚੀਆਂ ਵਾਲੇ ਉੱਚੇ ਸੁੱਚੇ ਇਨਸਾਨ ਦਾ 4 ਅਪ੍ਰੈਲ 2023 ਨੂੰ 15 ਮਿੰਟ ਵਿੱਚ ਹੀ ਦਿਲ ਦੇ ਗੰਭੀਰ ਦੌਰੇ ਨਾਲ ਪਰਿਵਾਰ, ਰਿਸ਼ਤੇਦਾਰ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਇਨਕਲਾਬੀ ਜਮਹੂਰੀ ਲੋਕ ਪੱਖੀ ਸੰਸਥਾਵਾਂ ਨੂੰ ਅੱਧਵਾਟਿਉਂ ਛੱਡਕੇ ਚਲੇ ਜਾਣਾ ਵੱਡਾ ਨਾਂ ਪੂਰਿਆ ਜਾ ਸਕਣ ਵਾਲਾ ਘਾਟਾ ਹੈ। ਮਾ ਕਰਤਾਰ ਸਿੰਘ ਜੀ ਹੋਰਾਂ ਦੀ ਮੌਤ ‘ਪਰਬਤੋਂ ਭਾਰੀ ਮੌਤ’ ਹੈ। ਉਨ੍ਹਾਂ ਅਰਥ ਭਰਪੂਰ ਜਿੰਦਗੀ ਜੀਵੀ ਹੈ। ਉਹ ਸਦਾ ਸਦਾ ਵਾਸਤੇ ਲੋਕ ਕਾਫਲਿਆਂ ਲਈ ਪ੍ਰੇਰਨਾ ਸ੍ਰੋਤ ਬਣੇ ਰਹਿਣਗੇ।
ਅੱਜ 13 ਅਪ੍ਰੈਲ 2023 ਨੂੰ ਗੁਰਦਵਾਰਾ ਸਹਿਬ ਠੀਕਰੀਵਾਲ ਵਿਖੇ ਬਾਅਦ ਦੁਪਿਹਰ 12.30 ਵਜੇ ਤੋਂ 1.30 ਵਜੇ ਤੱਕ ਹੋ ਰਹੇ ਮਾ. ਕਰਤਾਰ ਸਿੰਘ ਜੀ ਦੇ ਭੋਗ ਅਤੇ ਸ਼ਰਧਾਂਜਲੀ ਵਿੱਚ ਉਨ੍ਹਾਂ ਦੇ ਸੰਗੀ ਸਾਥੀ ਸ਼ਾਮਿਲ ਹੋਕੇ ਸ਼ਰਧਾਂਜਲੀਆਂ ਭੇਟ ਕਰਨਗੇ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news