
ਦਲਜੀਤ ਕੌਰ/ਸੰਗਰੂਰ, 9 ਅਪ੍ਰੈਲ, 2023: ਨੌਜਵਾਨ ਭਾਰਤ ਸਭਾ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਰੁਪਿੰਦਰ ਸਿੰਘ ਚੌਦਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਸ਼ਹੀਦਾਂ ਨਾਲ ਸਬੰਧਤ ਇਤਿਹਾਸਕ ਇਮਾਰਤਾਂ ਨੂੰ ਸਾਂਭਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਰੜੀ ਅਲੋਚਨਾ ਕੀਤੀ ਗਈ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਖਰੜ (ਮੁਹਾਲੀ) ਵਿਖੇ ਸਥਿਤ ਦਫਤਰ ਸਾਹਮਣੇ ਰੋਸ ਧਰਨਾ ਲਾਉਣ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ। ਉਨ੍ਹਾਂ ਨੌਜਵਾਨਾਂ ਨੂੰ ਵੱਡੀ ਗਿਣਤੀ ਗਿਣਤੀ ਵਿੱਚ ਇਸ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਪ੍ਰੈੱਸ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਜਨਰਲ ਸਕੱਤਰ ਮੰਗਾ ਸਿੰਘ ਅਜਾਦ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਕ੍ਰਾਂਤੀਕਾਰੀ ਸਾਥੀਆਂ ਦਾ ਫਿਰੋਜ਼ਪੁਰ ਤੂੜੀ ਬਜ਼ਾਰ ਵਿਖੇ ਇਤਿਹਾਸਕ ਗੁਪਤ ਟਿਕਾਣਾ ਹੈ ਜੋ ਉਨਾਂ ਦੀ ਕ੍ਰਾਂਤੀਕਾਰੀ ਪਾਰਟੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (ਐਂਚ ਐਸ ਆਰ ਏ) ਦਾ 10 ਅਗਸਤ 1928 ਤੋਂ 5 ਮਈ 1929 ਤੱਕ ਹੈਡਕੁਆਰਟਰ ਰਿਹਾ। ਇਸਦੀ ਖੋਜ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਕੀਤੀ। ਇਹ ਟਿਕਾਣਾ ਸ਼ਹੀਦ ਭਗਤ ਸਿੰਘ ਹੋਰਾਂ ਦੀਆਂ ਗੁਪਤ ਸਰਗਰਮੀਆਂ ਦਾ ਕੇਂਦਰ ਰਿਹਾ। ਇਥੇ ਹੀ ਸਾਂਡਰਸ ਨੂੰ ਮਾਰਨ ਤੋਂ ਪਹਿਲਾਂ ਵਿਉਂਤਬੰਦੀ ਕੀਤੀ ਗਈ ਅਤੇ ਏਅਰ ਪਿਸਟਲ ਨਾਲ ਨਿਸ਼ਾਨੇਬਾਜ਼ੀ ਦਾ ਅਭਿਆਸ ਕੀਤਾ, ਇਸੇ ਗੁਪਤ ਟਿਕਾਣੇ ਤੇ ਰੂਪੋਸ਼ ਹੋਣ ਲਈ ਭਗਤ ਸਿੰਘ ਨੇ ਆਪਣੇ ਕੇਸ ਅਤੇ ਦਾੜੀ ਕਟਵਾਏ, ਚਾਂਦ ਰਸਾਲੇ ਦੇ ਫਾਂਸੀ ਵਿਸ਼ੇਸ਼ ਅੰਕ ਵਿੱਚ ਸ਼ਿਵ ਵਰਮਾ ਨੇ 56 ਸ਼ਹੀਦਾਂ ਦੀਆਂ ਜੀਵਨੀਆਂ ਇਸੇ ਗੁਪਤ ਟਿਕਾਣੇ ਤੇ ਲਿਖੀਆਂ। ਤਿੰਨ ਮੈਜਿਸਟਰੇਟ ਅਤੇ ਭਗਤ ਹੋਰਾਂ ਦੇ ਸਾਥੀ ਰਹੇ, (ਬਾਅਦ ਵਿੱਚ ਸਰਕਾਰੀ ਗਵਾਹ ਬਣੇ) ਜੈ ਗੋਪਾਲ ਨੇ ਇਸ ਗੁਪਤ ਟਿਕਾਣੇ ਦੀ ਨਿਸ਼ਾਨਦੇਹੀ ਕੀਤੀ ਹੈ।
ਆਗੂਆਂ ਕਿਹਾ ਹਰ ਤਰ੍ਹਾਂ ਦੀਆਂ ਰੰਗ ਬਰੰਗੀਆਂ ਪਾਰਟੀਆਂ ਨੇ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਦਾ ਨਾਂ ਆਪਣੇ ਮਨਸੂਬਿਆਂ ਲਈ ਵਰਤਿਆ ਹੈ, ਪ੍ਰੰਤੂ ਉਨ੍ਹਾਂ ਨਾਲ ਸਬੰਧਤ ਯਾਦਗਾਰ ਢਹਿ ਢੇਰੀ ਹੋ ਰਹੀਆਂ ਹਨ। ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਗੁਪਤ ਟਿਕਾਣੇ ਨਾਲ ਸਬੰਧਤ 2015 ਵਿੱਚ ਪੰਜਾਬ ਸਰਕਾਰ ਵੱਲੋਂ ਸੁਰੱਖਿਅਤ ਇਮਾਰਤ ਐਲਾਨ ਦਿੱਤਾ ਗਿਆ ਅਤੇ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪਰ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਉਨ੍ਹਾਂ ਕਿਹਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਦੀ ਖ਼ਸਤਾ ਹਾਲਤ ਹੈ। ਬਾਰਸ਼ਾਂ ਕਾਰਨ ਛੱਤਾਂ ਚਿਉਦੀਆਂ ਹਨ, ਸ਼ਹੀਦ ਸੁਖਦੇਵ ਦੇ ਲੁਧਿਆਣਾ ਵਿਖੇ ਘਰ ਨੂੰ ਕਿਸੇ ਬਿਲਡਰ ਨੇ ਅੱਧਾ ਢਾਹ ਦਿੱਤਾ, ਮਦਨ ਲਾਲ ਢੀਂਗਰਾ ਦਾ ਅੰਮ੍ਰਿਤਸਰ ਵਿਖੇ ਸਥਿਤ ਘਰ ਢਹਿ ਗਿਆ ਹੈ, ਉਸਨੂੰ ਵੀ ਸਾਂਭਿਆ ਨਹੀਂ ਗਿਆ।
ਆਗੂਆਂ ਕਿਹਾ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਵਿੱਚ ਸ਼ਹੀਦਾਂ ਦੇ ਨਾਮ ਤੇ ਵੋਟਾਂ ਇਕੱਠੀਆਂ ਕਰਕੇ ਸੱਤਾ ਪ੍ਰਾਪਤ ਕਰ ਲਈ ਪਰ ਇਹ ਵੀ ਦੂਜੀਆਂ ਪਾਰਟੀਆਂ ਵਾਂਗ ਹੀ ਸ਼ਹੀਦਾਂ ਦੀਆਂ ਵਿਰਾਸਤਾਂ ਨੂੰ ਸਾਂਭ ਨਹੀਂ ਰਹੇ। ਇਸ ਲਈ ਨੌਜਵਾਨ ਭਾਰਤ ਸਭਾ ਵੱਲੋਂ ਸੈਰਸਪਾਟਾ ਮੰਤਰੀ ਅਨਮੋਲ ਗਗਨ ਮਾਨ ਦੇ ਖਰੜ ਮੁਹਾਲੀ ਵਿਖੇ ਸਥਿਤ ਦਫਤਰ ਅੱਗੇ ਧਰਨਾ 18 ਅਪ੍ਰੈਲ ਨੂੰ ਦਿਤਾ ਜਾਵੇਗਾ।
ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ, ਸੂਬਾ ਆਗੂ ਕਰਮਜੀਤ ਮਾਣੂਕੇ ਅਤੇ ਸੂਬਾ ਕਮੇਟੀ ਮੈਂਬਰ ਦਵਿੰਦਰ ਛਬੀਲਪੁਰ ਹਾਜ਼ਰ ਸਨ।