ਬਠਿੰਡਾ, May 08, 2026 IST ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਬਠਿੰਡਾ ਵਿੱਚ ਆਪਣੀ ‘ਸ਼ੁਕਰਾਨਾ ਯਾਤਰਾ’ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਰ.ਐੱਸ.ਐੱਸ. ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਮਾਨ ਨੇ ਭਾਜਪਾ ’ਤੇ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰਨ ਅਤੇ ਲੋਕਾਂ ਨੂੰ ਫਿਰਕੂ ਲੀਹਾਂ ’ਤੇ ਵੰਡਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਕਿ ਇੱਥੇ ਹਰ ਫ਼ਸਲ ਉੱਗ ਸਕਦੀ ਹੈ, ਪਰ ਨਫ਼ਰਤ ਦਾ ਬੀਜ ਇੱਥੇ ਕਦੇ ਨਹੀਂ ਪੁੰਗਰ ਸਕਦਾ।
ਪੱਛਮੀ ਬੰਗਾਲ ਦੀ ਹਿੰਸਾ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਕਾਰਜਸ਼ੈਲੀ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀ ਹੈ। ਉਨ੍ਹਾਂ ’ਤੇ ਦੇਸ਼ ਧਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕਰਨ ਵਾਲੇ ਭਾਜਪਾ ਆਗੂਆਂ ਨੂੰ ਜਵਾਬ ਦਿੰਦਿਆਂ ਮਾਨ ਨੇ ਕਿਹਾ, “ਸੁਨੀਲ ਜਾਖੜ ਸਾਹਿਬ, ਤੁਸੀਂ ਤਜਰਬੇਕਾਰ ਹੋ, ਪਰ ਕੀ ਹੁਣ ਉਹ ਸਾਨੂੰ ਦੇਸ਼ ਭਗਤੀ ਦੇ ਸਰਟੀਫਿਕੇਟ ਵੰਡਣਗੇ ਜਿਨ੍ਹਾਂ ਨੇ 52 ਸਾਲ ਆਪਣੇ ਨਾਗਪੁਰ ਵਾਲੇ ਹੈੱਡਕੁਆਰਟਰ ’ਤੇ ਤਿਰੰਗਾ ਨਹੀਂ ਲਹਿਰਾਇਆ?”