ਬਠਿੰਡਾ,10 MAY/ਪੰਜਾਬ ਕੈਬਨਿਟ ਦੇ ਵਜ਼ੀਰ ਸੰਜੀਵ ਅਰੋੜਾ ਦੀ ਬੀਤੇ ਸ਼ਨਿੱਚਰਵਾਰ ਨੂੰ ਈ ਡੀ ਵੱਲੋਂ ਕੀਤੀ ਗਿਫ਼ਤਾਰੀ ਦੇ ਸੰਦਰਭ ’ਚ ਆਮ ਆਦਮੀ ਪਾਰਟੀ ਨੇ ਅੱਜ ਇੱਥੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਅੱਗੇ ਰੋਸ ਵਿਖਾਵਾ ਕਰਨ ਪੁੱਜੇ, ਤਾਂ ਦਫ਼ਤਰ ਅੱਗੇ ਆਪਣੀ ਪਾਰਟੀ ਦੇ ਝੰਡੇ ਚੁੱਕੀ ਖੜੋਤੇ ਭਾਜਪਾ ਵਰਕਰਾਂ ਨੇ ਨਾਅਰੇਬਾਜ਼ੀ ਕਰਕੇ ‘ਆਪ’ ਵਰਕਰਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਸ ਦੌਰਾਨ ਵਿਧਾਇਕ ਬਲਕਾਰ ਸਿੱਧੂ ਦੀ ਅਗਵਾਈ ’ਚ ‘ਆਪ’ ਦੇ ਕਾਰਕੁਨ ਭਾਜਪਾ ਦਫ਼ਤਰ ਵੱਲ ਵਧੇ। ਮਾਹੌਲ ਭਖ਼ਦਾ ਦੇਖ ਕੇ ਦੋਵਾਂ ਧਿਰਾਂ ਦਰਮਿਆਨ ਲਾਈਨ ਬਣਾ ਕੇ ਖੜ੍ਹੇ ਪੁਲੀਸ ਦੇ ਜਵਾਨਾਂ ਨੇ ਚੌਕਸੀ ਬਣਾ ਕੇ ਦੋਵਾਂ ਧਿਰਾਂ ਨੂੰ ਧੱਕ ਕੇ, ਇੱਕ-ਦੂਜੇ ਤੋਂ ਦੂਰ ਕੀਤਾ। ਜ਼ੋਰ ਅਜ਼ਮਾਇਸ਼ ਤੋਂ ਬਾਅਦ ‘ਆਪ’ ਵਰਕਰ ਥਾਏਂ ਧਰਨਾ ਲਾ ਕੇ ਬੈਠ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਰੌਲੇ ਰੱਪੇ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਆਗੂਆਂ ਨੇ ਸਿਆਸੀ ਬਦਲਾਖ਼ੋਰੀ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਭਾਜਪਾ ਵਿਰੋਧੀਆਂ ਦੀ ਜ਼ੁਬਾਨਬੰਦੀ ਲਈ ਈ ਡੀ, ਸੀ ਬੀ ਆਈ ਅਤੇ ਹੋਰ ਕੇਂਦਰੀ ਏਜੰਸੀਆਂ ਦੀ ਵਿਰੋਧੀਆਂ ਨੂੰ ਦਬਾਉਣ ਲਈ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਏ ਕਿ ਭਾਜਪਾ ਅਨੈਤਿਕ ਕਾਰਵਾਈਆਂ ’ਤੇ ਉੱਤਰ ਕੇ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਚੰਦ ਰੋਜ਼ ਪਹਿਲਾਂ ਭਾਜਪਾ ਨੇ ਕੋਝੀ ਹਰਕਤ ਕਰਦਿਆਂ ਅਪਰੇਸ਼ਨ ‘ਲੋਟਸ’ ਜ਼ਰੀਏ ‘ਆਪ’ ਦੇ ਸੱਤ ਰਾਜ ਸਭਾ ਮੈਂਬਰਾਂ ਨੂੰ ਕਥਿਤ ਡਰਾ-ਧਮਕਾ ਕੇ ਆਪਣੇ ਵਿੱਚ ਰਲਾਇਆ ਅਤੇ ਹੁਣ ਉਸੇ ਕੜੀ ਤਹਿਤ ਮੰਤਰੀ ਸੰਜੀਵ ਅਰੋੜਾ ਨੂੰ ਕਥਿਤ ਨਿਸ਼ਾਨਾ ਬਣਾਉਣ ਦੀ ਸ਼ਰਮਨਾਕ ਕਰਤੂਤ ਕੀਤੀ ਹੈ।