ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ‘ਸਰਕਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਆਯੋਜਿਤ ਕੈਂਪ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ 

ਦਲਜੀਤ ਕੌਰ/ਸੰਗਰੂਰ, 13 ਜੂਨ, 2023: ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਬੀਤੇ ਦਿਨੀਂ ਮਨਸਾ ਦੇਵੀ ਮੰਦਰ ਵਿੱਚ ਆਯੋਜਿਤ ਕੈਂਪ ਦੌਰਾਨ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸੰਗਰੂਰ ਸ਼ਹਿਰ ਦੇ ਵਾਰਡ ਨੰਬਰ 1, 2 , 3, 4 ਅਤੇ 7 ਵਿੱਚੋਂ ਆਪਣੀਆਂ ਸਮੱਸਿਆਵਾਂ ਲੈ ਕੇ ਪੁੱਜੇ ਲੋਕਾਂ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਮੌਕੇ ਤੇ ਹੀ ਮੌਜੂਦ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮੱਸਿਆਵਾਂ ਦੇ ਢੁਕਵੇਂ ਹੱਲ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
ਇਸ ਕੈਂਪ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸੰਗਰੂਰ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਪੇਸ਼ ਆ ਰਹੀਆਂ ਹਰੇਕ ਤਰ੍ਹਾਂ ਦੀਆਂ ਔਕੜਾਂ ਨੂੰ ਦੂਰ ਕਰਨ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਇਸੇ ਉਦੇਸ਼ ਹਿੱਤ ਹੁਣ ਸੰਗਰੂਰ ਸ਼ਹਿਰ ਵਿੱਚ ਵਾਰਡਾਂ ਵਿਚ ਵਸਦੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਤਰਜੀਹੀ ਆਧਾਰ ਉੱਤੇ ਹੱਲ ਕਰਨ ਦਾ ਯਤਨ ਕਰਦਿਆਂ ਵਾਰਡਾਂ ਉਤੇ ਆਧਾਰਿਤ ਕਲੱਸਟਰ ਬਣਾ ਕੇ ਕੈਂਪ ਲਗਾਏ ਜਾ ਰਹੇ ਹਨ। ਵਿਧਾਇਕ ਨੇ ਕਿਹਾ ਕਿ ਮਨਸਾ ਦੇਵੀ ਮੰਦਰ ਵਿੱਚ ਆਯੋਜਿਤ ਕੈਂਪ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ ਅਤੇ ਇਸ ਕੈਂਪ ਵਿੱਚ ਲੋਕਾਂ ਦੀ ਭਰਵੀਂ ਸ਼ਮੂਲੀਅਤ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵਿੱਚ ਸਾਰੇ ਹੀ ਵਾਰਡਾਂ ਦੇ ਨਿਵਾਸੀਆਂ ਦੀ ਭਲਾਈ ਲਈ ਅਜਿਹੇ ਕੈਂਪ ਲਗਾਏ ਜਾਣਗੇ।
ਇਸ ਮੌਕੇ ਐਸ ਡੀ ਐੱਮ ਨਵਰੀਤ ਕੌਰ ਸੇਖੋਂ, ਈਓ ਬਾਲਕ੍ਰਿਸ਼ਨ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ, ਸੀਵਰੇਜ ਬੋਰਡ, ਪੀ ਐਸ ਪੀ ਸੀ ਐਲ ਅਧਿਕਾਰੀ, ਪੁਲਿਸ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
seculartvindia
Author: seculartvindia

Leave a Comment