August 24, 2026 6:40 am

ਭਾਜਪਾ ਨੇ ਤਿੰਨ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ’ਚ ਜਿੱਤ ਦਰਜ ਕੀਤੀ

Share:

ਨਵੀਂ ਦਿੱਲੀ, 3 ਦਸੰਬਰ/ਚਾਰ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਪਈਆਂ ਵੋਟਾਂ ਦੇ ਅੱਜ ਆਏ ਨਤੀਜਿਆਂ ’ਚ ਭਾਜਪਾ ਨੇ ਤਿੰਨ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ’ਚ ਜਿੱਤ ਦਰਜ ਕੀਤੀ ਹੈ ਜਦਕਿ ਤਿਲੰਗਾਨਾ ਵਿੱਚ ਕਾਂਗਰਸ ਨੇ ਬੀਆਰਐੱਸ ਨੂੰ ਸੱਤਾ ’ਚੋਂ ਬਾਹਰ ਕਰ ਦਿੱਤਾ ਹੈ। ਚੋਣ ਨਤੀਜੇ ਸਾਹਮਣੇ ਆਉਣ ਮਗਰੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਆਪਣੇ ਅਸਤੀਫੇ ਸੂਬਿਆਂ ਦੇ ਰਾਜਪਾਲਾਂ ਨੂੰ ਸੌਂਪ ਦਿੱਤੇ ਹਨ। ਅੱਜ ਦੇ ਚੋਣ ਨਤੀਜਿਆਂ ’ਚ ਭਾਜਪਾ ਨੇ ਜਿੱਥੇ ਮੱਧ ਪ੍ਰਦੇਸ਼ ’ਚ ਆਪਣੀ ਸਰਕਾਰ ਕਾਇਮ ਰੱਖੀ ਹੈ ਉੱਥੇ ਹੀ ਦੋ ਸੂਬਿਆਂ ਰਾਜਸਥਾਨ ਤੇ ਛੱਤੀਸਗੜ੍ਹ ਦੀ ਸੱਤਾ ਕਾਂਗਰਸ ਤੋਂ ਖੋਹ ਲਈ ਹੈ। ਕਾਂਗਰਸ ਦੋ ਸੂਬੇ ਹਾਰ ਗਈ ਪਰ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਤੋਂ ਤਿਲੰਗਾਨਾ ਜਿੱਤ ਗਈ। ਇਸ ਦੱਖਣੀ ਸੂਬੇ ’ਚ ਮਿਲੀ ਜਿੱਤ ਨੇ ਹੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਹੈ ਅਤੇ ਕੇ ਚੰਦਰਸ਼ੇਖਰ ਰਾਓ ਦੀ ਲੀਡਰਸ਼ਿਪ ਵਾਲੀ ਬੀਆਰਐੱਸ, ਜਿਸ ਨੂੰ ਲਗਾਤਾਰ ਤੀਜੀ ਵਾਰ ਜਿੱਤਣ ਦੀ ਉਮੀਦ ਸੀ, ਨੂੰ ਆਤਮ ਚਿੰਤਨ ਲਈ ਮਜਬੂਰ ਕਰ ਦਿੱਤਾ ਹੈ। ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ 230 ਸੀਟਾਂ ’ਚੋਂ ਭਾਜਪਾ ਨੇ 164 ਸੀਟਾਂ ’ਤੇ ਜਿੱਤ ਦਰਜ ਕਰ ਲਈ ਹੈ ਜਾਂ ਲੀਡ ਹਾਸਲ ਕੀਤੀ ਹੋਈ ਜਦਕਿ ਕਾਂਗਰਸ 65 ਸੀਟਾਂ ਹਾਸਲ ਕਰ ਚੁੱਕੀ ਹੈ। ਗੁਆਂਢੀ ਸੂਬੇ ਰਾਜਸਥਾਨ ਵਿੱਚ ਲੋਕਾਂ ਨੇ ਹਰ ਪੰਜ ਸਾਲ ਮਗਰੋਂ ਸਰਕਾਰ ਬਦਲਣ ਦੀ ਰਵਾਇਤ ਕਾਇਮ ਰੱਖੀ ਹੈ ਅਤੇ ਇੱਥੋਂ ਦੀਆਂ 199 ਵਿਧਾਨ ਸਭਾ ਸੀਟਾਂ ’ਚੋਂ ਭਾਜਪਾ ਨੇ 115 ਜਦਕਿ ਕਾਂਗਰਸ ਨੇ 69 ਸੀਟਾਂ ਜਿੱਤੀਆਂ ਹਨ। ਉੱਧਰ ਛੱਤੀਸਗੜ੍ਹ ਵਿਚਲੀਆਂ 90 ਸੀਟਾਂ ’ਚੋਂ ਭਾਜਪਾ ਨੇ 54 ਤੇ ਕਾਂਗਰਸ ਨੇ 35 ਸੀਟਾਂ ਜਿੱਤੀਆਂ ਹਨ। ਤਿਲੰਗਾਨਾ ਦੀਆਂ 119 ਵਿਧਾਨ ਸਭਾ ਸੀਟਾਂ ’ਚੋਂ ਕਾਂਗਰਸ ਨੇ 64 ਸੀਟਾਂ ਜਦਕਿ ਬੀਆਰਐੱਸ 39 ਤੇ ਭਾਜਪਾ ਨੇ 8 ਸੀਟਾਂ ਹਾਸਲ ਕੀਤੀਆਂ ਹਨ। ਚੋਣ ਕਮਿਸ਼ਨ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਮੱਧ ਪ੍ਰਦੇਸ਼, ਰਾਜਸਥਾਨ ਤੇ ਤਿਲੰਗਾਨਾ ’ਚ 1 ਫੀਸਦ ਤੋਂ ਵੀ ਘੱਟ ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ ਜਦਕਿ ਛੱਤੀਸਗੜ੍ਹ ਵਿੱਚ 1.29 ਫੀਸਦ ਲੋਕਾਂ ਨੇ ਨੋਟਾ ਦੀ ਵਰਤੋਂ ਕੀਤੀ ਹੈ।

seculartvindia
Author: seculartvindia

Leave a Comment

Voting poll

[democracy id="1"]

latest news