ਪੀਸੀਏ ਸਕੱਤਰ ਦਿਲਸ਼ੇਰ ਖੰਨਾ ਦੇ ਯਤਨਾਂ ਸਦਕਾ ਪੀਸੀਏ ਨੂੰ ਮਿਲੇਗਾ ਤੇਜ਼ ਗੇਂਦਬਾਜ਼ : ਡਾ: ਰਮਨ ਘਈ

ਹੁਸ਼ਿਆਰਪੁਰ 12 ਜੂਨ  ( ਤਰਸੇਮ ਦੀਵਾਨਾ )  ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਤਰਫੋਂ ਪੀਸੀਏ ਦੇ ਸਕੱਤਰ ਦਿਲਸ਼ੇਰ ਖੰਨਾ ਵੱਲੋਂ ਤੇਜ਼ ਗੇਂਦਬਾਜ਼ਾਂ ਨੂੰ ਲੱਭਣ ਲਈ ਪੰਜਾਬ ਵਿੱਚ ਸ਼ੁਰੂ ਕੀਤੇ ਗਏ ਟੈਲੇਂਟ ਹੰਟ ਪ੍ਰੋਗਰਾਮ ਤਹਿਤ ਅੱਜ ਹੁਸ਼ਿਆਰਪੁਰ, ਨਵਾਂਸ਼ਹਿਰ, ਰੋਪੜ ਦੇ ਕਰੀਬ 120 ਤੇਜ਼ ਗੇਂਦਬਾਜ਼ਾਂ ਨੇ ਟੈਲੇਂਟ ਹੰਟ ਲਈ ਟਰਾਇਲ ਦਿੱਤੇ।  ਐਸੋਸੀਏਸ਼ਨ ਦੇ ਸਕੱਤਰ ਡਾ: ਰਮਨ ਘਈ ਨੇ ਦੱਸਿਆ ਕਿ ਪੀਸੀਏ ਦੇ ਸਕੱਤਰ ਦਿਲਸ਼ੇਰ ਖੰਨਾ ਨੇ ਪੰਜਾਬ ਦੇ ਪਿੰਡਾਂ, ਕਸਬਿਆਂ ਅਤੇ ਪੇਂਡੂ ਖੇਤਰਾਂ ਵਿੱਚ ਰਹਿੰਦੇ ਕ੍ਰਿਕਟਰਾਂ ਨੂੰ ਅੱਗੇ ਲਿਆਉਣ ਲਈ ਤੇਜ਼ ਗੇਂਦਬਾਜ਼ਾਂ ਦੀ ਪ੍ਰਤਿਭਾ ਖੋਜ ਸ਼ੁਰੂ ਕੀਤੀ ਹੈ।  ਡਾ: ਘਈ ਨੇ ਦੱਸਿਆ ਕਿ ਅੱਜ ਹੁਸ਼ਿਆਰਪੁਰ ਵਿਖੇ ਅੰਤਰਰਾਸ਼ਟਰੀ ਖਿਡਾਰੀਆਂ ਹਰਵਿੰਦਰ ਸਿੰਘ, ਮਨਪ੍ਰੀਤ ਗੋਨੀ, ਗਗਨਦੀਪ ਸਿੰਘ ਅਤੇ ਦੀਪਕ ਚੋਪੜਾ ਦੀ ਅਗਵਾਈ ਹੇਠ ਤੇਜ਼ ਗੇਂਦਬਾਜ਼ਾਂ ਦੀ ਚੋਣ ਕੀਤੀ ਗਈ |  ਉਨ੍ਹਾਂ ਦੱਸਿਆ ਕਿ ਇਨ੍ਹਾਂ ਗੇਂਦਬਾਜ਼ਾਂ ਨੂੰ ਪੀਸੀਏ ਸਟੇਡੀਅਮ ਮੁਹਾਲੀ ਵਿਖੇ ਬੁਲਾ ਕੇ ਤੇਜ਼ ਗੇਂਦਬਾਜ਼ੀ ਦੇ ਗੁਰ ਸਿਖਾ ਕੇ ਪੰਜਾਬ ਲਈ ਤਿਆਰ ਕੀਤਾ ਜਾਵੇਗਾ।  ਡਾ: ਘਈ ਨੇ ਦੱਸਿਆ ਕਿ ਤੇਜ਼ ਗੇਂਦਬਾਜ਼ਾਂ ਦੀ ਤਿਆਰੀ ਦਾ ਸਾਰਾ ਖਰਚਾ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਵੱਲੋਂ ਕੀਤਾ ਜਾਵੇਗਾ ਅਤੇ ਖਿਡਾਰੀਆਂ ਨੂੰ ਟਰਾਇਲ ਤੋਂ ਲੈ ਕੇ ਟਰੇਨਿੰਗ ਤੱਕ ਬਿਲਕੁਲ ਮੁਫ਼ਤ ਤਿਆਰ ਕੀਤਾ ਜਾਵੇਗਾ।  ਡਾ: ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਟਰਾਇਲਾਂ ਲਈ ਚੁਣੇ ਗਏ ਖਿਡਾਰੀਆਂ ਦੇ ਨਾਮ ਪੀ.ਸੀ.ਏ ਦੀ ਵੈੱਬਸਾਈਟ ‘ਤੇ ਪਾ ਦਿੱਤੇ ਜਾਣਗੇ |  ਐਚਡੀਸੀਏ ਦੇ ਸਕੱਤਰ ਡਾ: ਘਈ ਨੇ ਪੀਸੀਏ ਦੇ ਸਕੱਤਰ ਐਡਵੋਕੇਟ ਦਿਲਸ਼ੇਰ ਖੰਨਾ ਵੱਲੋਂ ਪੰਜਾਬ ਵਿੱਚ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਤੇਜ਼ ਗੇਂਦਬਾਜ਼ਾਂ ਲਈ ਪ੍ਰਤਿਭਾ ਖੋਜ ਪ੍ਰੋਗਰਾਮ ਲਈ ਉਨ੍ਹਾਂ ਦਾ ਧੰਨਵਾਦ ਕੀਤਾ।  ਇਸ ਮੌਕੇ ਜ਼ਿਲ੍ਹਾ ਕੋਚ ਦਲਜੀਤ ਸਿੰਘ, ਜ਼ਿਲ੍ਹਾ ਟਰੇਨਰ ਤੇ ਸਾਬਕਾ ਕੌਮੀ ਕ੍ਰਿਕਟਰ ਕੁਲਦੀਪ ਧਾਮੀ, ਸਹਾਇਕ ਕੋਚ ਦਲਜੀਤ ਧੀਮਾਨ, ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕਲਿਆਣ ਤੇ ਬਲਵਿੰਦਰ ਨਿੱਕੂ ਆਦਿ ਹਾਜ਼ਰ ਸਨ।
 ਫੋਟੋ ਕੈਪਸ਼ਨ:
 ਟੈਲੇਂਟ ਹੰਟ ਪ੍ਰੋਗਰਾਮ ਦੌਰਾਨ ਅੰਤਰਰਾਸ਼ਟਰੀ ਖਿਡਾਰੀ ਹਰਵਿੰਦਰ ਸਿੰਘ, ਮਨਪ੍ਰੀਤ ਗੋਨੀ, ਗਗਨਦੀਪ, ਜ਼ਿਲ੍ਹਾ ਸਕੱਤਰ ਡਾ: ਰਮਨ ਘਈ, ਕੁਲਦੀਪ ਧਾਮੀ, ਦਲਜੀਤ ਸਿੰਘ ਤੇ ਹੋਰ।ਫੋਟੋ ਅਜ਼ਮੇਰ
seculartvindia
Author: seculartvindia

Leave a Comment