ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅਦਾਲਤੀ ਕਾਰਵਾਈ ’ਤੇ ਸਵਾਲ ਚੁੱਕਣ ਤੋਂ ਇੱਕ ਦਿਨ ਬਾਅਦ, ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਦਿੱਲੀ ਹਾਈ ਕੋਰਟ ਦੀ ਜੱਜ ਸਵਰਨਾ ਕਾਂਤਾ ਸ਼ਰਮਾ ਨੂੰ ਪੱਤਰ ਲਿਖ ਕੇ ਨਿਆਂਇਕ ਪ੍ਰਕਿਰਿਆ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਸਿਸੋਦੀਆ ਨੇ ਆਪਣੇ ਪੱਤਰ ਵਿੱਚ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਉਨ੍ਹਾਂ ਦਾ ਇਨਸਾਫ਼ ਤੋਂ ਭਰੋਸਾ ਉੱਠ ਗਿਆ ਹੈ।
ਸਿਸੋਦੀਆ ਨੇ ਲਿਖਿਆ, “ਮੈਂ ਇਨਸਾਫ਼ ਦੀ ਉਮੀਦ ਨਹੀਂ ਕਰਦਾ।” ਉਨ੍ਹਾਂ ਨੇ ਕਾਨੂੰਨੀ ਪ੍ਰਣਾਲੀ ’ਤੇ ਤਿੱਖਾ ਤੰਜ ਕਸਦਿਆਂ ਅੱਗੇ ਕਿਹਾ ਕਿ “ਤੁਹਾਡੇ ਬੱਚਿਆਂ ਦਾ ਭਵਿੱਖ ਤੁਸ਼ਾਰ ਮਹਿਤਾ (ਸਾਲੀਸਿਟਰ ਜਨਰਲ) ਦੇ ਹੱਥਾਂ ਵਿੱਚ ਹੈ।” ਸਿਸੋਦੀਆ ਦੇ ਇਸ ਬਿਆਨ ਨੇ ਸਿਆਸੀ ਅਤੇ ਕਾਨੂੰਨੀ ਗਲਿਆਰਿਆਂ ਵਿੱਚ ਹਲਚਲ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਹੁਣ ਅਦਾਲਤ ਵਿੱਚ ਆਪਣੀ ਨੁਮਾਇੰਦਗੀ ਲਈ ਕੋਈ ਕਾਨੂੰਨੀ ਸਲਾਹਕਾਰ ਜਾਂ ਵਕੀਲ ਨਿਯੁਕਤ ਨਹੀਂ ਕਰਨਗੇ। ਗਾਂਧੀਵਾਦੀ ਸਿਧਾਂਤਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ‘ਸੱਤਿਆਗ੍ਰਹਿ’ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਬਚਿਆ ਹੈ।