
ਫਗਵਾੜਾ (14 ਅਗਸਤ) :- ਜੀ.ਡੀ.ਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਰੋਡ ਵਿਖੇ ਸੁਤੰਤਰਤਾ ਦਿਵਸ ਮੌਕੇ ਇੱਕ ਪ੍ਰੋਗਰਾਮ ਕਰਵਾਇਆ ਗਿਆ। ਬੱਚਿਆਂ ਨੇ ਦੇਸ਼ ਦੀ ਸ਼ਾਨ ਨੂੰ ਦਰਸਾਉਂਦੇ ਹੋਏ ਆਜ਼ਾਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ। ਇਸ ਦੌਰਾਨ ਏ.ਡੀ.ਸੀ ਮੈਡਮ ਨਯਨ ਜੱਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਹਰਦੀਪ ਸਿੰਘ ਏ. ਐਸ.ਆਈ. ਰਾਵਲਪਿੰਡੀ ਥਾਣਾ ਫਗਵਾੜਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਰਿਬਨ ਕੱਟਣ ਸੈਰੇਮਨੀ ਦੁਆਰਾ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ | ਮੁੱਖ ਮਹਿਮਾਨਾਂ ਨੇ ਸਕੂਲ ਦੇ ਵਿਹੜੇ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਰਾਸ਼ਟਰੀ ਗੀਤ ਗਾਇਆ ਗਿਆ। ਇਸ ਦੌਰਾਨ ਬੱਚਿਆਂ ਨੇ ਮਾਰਚ ਪਾਸਟ ਕਰਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਦਿਖਾਇਆ। ਇਸ ਉਪਰੰਤ ਵੰਦਨਾ ਦੇ ਸਵਰ ਗੀਤ ਗਾਇਨ ਦੁਆਰਾ ਮਾਂ ਸਰਸਵਤੀ ਦੀ ਪੂਜਾ ਕੀਤੀ ਗਈ। ਬੱਚਿਆਂ ਨੇ ਆਪਣੀਆਂ ਵੱਖ-ਵੱਖ ਕਵਿਤਾਵਾਂ, ਗੀਤਾਂ ਅਤੇ ਡਾਂਸ ਰਾਹੀਂ ਦੇਸ਼ ਭਗਤੀ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ। ਉਕਤ ਬੱਚਿਆਂ ਨੇ ਕੋਰੀਓਗ੍ਰਾਫੀ ਰਾਹੀਂ ਫੌਜ ਦੀ ਜ਼ਿੰਦਗੀ ਨੂੰ ਵੀ ਦਿਖਾਇਆ। ਬੱਚਿਆਂ ਵੱਲੋਂ ਲਿੰਗ ਸਮਾਨਤਾ ਬਾਰੇ ਇੱਕ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ। ਇਸ ਦੌਰਾਨ ਸਕੂਲ ਵਿੱਚ ਫੁੱਲਾਂ ਦੀ ਸਜਾਵਟ ਦਾ ਮੁਕਾਬਲਾ ਵੀ ਕਰਵਾਇਆ ਗਿਆ। ਬੱਚਿਆਂ ਨੇ ਫੁੱਲਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸਜਾ ਕੇ ਗੁਲਦਸਤੇ ਬਣਾਏ ਜਿਸ ਵਿੱਚ ਸਕੂਲ ਦੇ ਚਾਰੇ ਹਾਊਸਾਂ ਜੈਸਮੀਨ, ਮੈਰੀਗੋਲਡ, ਲੋਟਸ ਅਤੇ ਡੈਫੋਡਿਲ ਨੇ ਭਾਗ ਲਿਆ। ਇਸ ਮੁਕਾਬਲੇ ਦਾ ਨਿਰੀਖਣ ਪ੍ਰਿੰਸੀਪਲ ਮੈਡਮ ਮਾਧਵੀ ਜੀ ਨੇ ਕੀਤਾ। ਜਿਸ ਵਿੱਚ ਜੈਸਮੀਨ ਅਤੇ ਲੋਟਸ ਹਾਊਸ ਪਹਿਲੇ ਸਥਾਨ ਤੇ ਰਿਹਾ | ਕਿਡੀਜ਼ ਵਰਲਡ ਦੇ ਬੱਚਿਆਂ ਨੇ ਫੈਂਸੀ ਡਰੈੱਸ ਮੁਕਾਬਲੇ ਵਿੱਚ ਹਿੱਸਾ ਲਿਆ ਜਿਸ ਵਿੱਚ ਬੱਚਿਆਂ ਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਅਤੇ ਭਗਤ ਸਿੰਘ, ਰਾਣੀ ਲਕਸ਼ਮੀ ਭਾਈ, ਸੁਭਾਸ਼ ਚੰਦਰ ਬੋਸ, ਆਰਮੀਮੈਨ, ਮਹਾਤਮਾ ਗਾਂਧੀ ਅਤੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਰੂਪ ਵਿੱਚ ਪਹਿਰਾਵਾ ਪਾ ਕੇ ਸਟੇਜ ਦੀ ਸ਼ੋਭਾ ਵਧਾਈ। ਮੰਚ ਸੰਚਾਲਨ ਅਧਿਆਪਕ ਆਮਿਰ ਖਾਨ ਅਤੇ ਮੈਡਮ ਕ੍ਰਿਤਿਕਾ ਨੇ ਕੀਤਾ। ਮੁੱਖ ਮਹਿਮਾਨ ਮੈਡਮ ਨਯਨ ਜੱਸਲ ਨੇ ਸਕੂਲ ਦੇ ਬੱਚਿਆਂ ਵੱਲੋਂ ਕੀਤੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ | ਇਸ ਦੌਰਾਨ ਪਿਛਲੇ ਸੈਸ਼ਨ ਵਿੱਚ ਪੜ੍ਹਾਈ ਅਤੇ ਹੋਰ ਸਹਿ-ਵਿੱਦਿਅਕ ਗਤੀਵਿਧੀਆਂ ਵਿੱਚ ਅੱਗੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰਿੰਸੀਪਲ ਮੈਡਮ ਮਾਧਵੀ ਜੀ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਦੇਸ਼ ਵਾਸੀਆਂ ਨੂੰ ਇਸ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਇਹ ਆਜ਼ਾਦੀ ਬੜੀ ਜੱਦੋ-ਜਹਿਦ ਤੋਂ ਬਾਅਦ ਮਿਲੀ ਹੈ, ਸਾਨੂੰ ਉਨ੍ਹਾਂ ਦੇਸ਼ ਭਗਤਾਂ ਨੂੰ ਹਮੇਸ਼ਾ ਸਤਿਕਾਰ ਦੇਣਾ ਚਾਹੀਦਾ ਹੈ ਜਿਨ੍ਹਾਂ ਨੇ ਦੇਸ਼ ਲਈ ਆਪਣਾ ਲਾਭ ਕੁਝ ਕੁਰਬਾਨ ਕਰ ਦਿੱਤਾ। ਉਨ੍ਹਾਂ ਨੇ ਬੱਚਿਆਂ ਨੂੰ ਰਾਸ਼ਟਰੀ ਚਿੰਨ੍ਹਾਂ ਦਾ ਸਨਮਾਨ ਕਰਨ ਦੀ ਵੀ ਸਿੱਖਿਆ ਦਿੱਤੀ।