February 4, 2026 2:44 pm

ਨਸ਼ਿਆਂ ਖ਼ਿਲਾਫ਼, ਪੰਜਾਬ ਅੰਦਰ “ਨਸ਼ੇ ਭਜਾਉ-ਜੁਆਨੀ ਬਚਾਉ” ਲਹਿਰ ਤਹਿਤ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ: ਮਨਜੀਤ ਧਨੇਰ 

Share:

ਦਲਜੀਤ ਕੌਰ/ਚੰਡੀਗੜ੍ਹ, 08 ਅਗਸਤ, 2023: 12 ਅਗਸਤ ਨੂੰ ਮਹਿਲਕਲਾਂ ਵਿਖੇ ਸ਼ਹੀਦ ਕਿਰਨਜੀਤ ਕੌਰ ਦੀ ਯਾਦ ਵਿੱਚ 26ਵਾਂ ਯਾਦਗਾਰੀ ਸਮਾਗਮ ਕੀਤਾ ਜਾ ਰਿਹਾ ਹੈ। ਇਸ ਨੂੰ ਸਫਲ ਬਣਾਉਣ ਲਈ ਜਿੱਥੇ ਐਕਸ਼ਨ ਕਮੇਟੀ ਵੱਲੋਂ ਜ਼ੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ, ਉੱਥੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਧਨੇਰ ਦੀ ਅਗਵਾਈ ਹੇਠ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਯਾਦਗਾਰ ਕਮੇਟੀ ਵੱਲੋਂ ਹਰ ਰੋਜ਼ ਇੱਕ ਸੂਝਵਾਨ ਅਤੇ ਲੋਕ ਪੱਖੀ ਬੁਲਾਰਾ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਇਸ ਸਮਾਗਮ ਦੀ ਮੌਜੂਦਾ ਸਮੇਂ ਵਿੱਚ ਮਹੱਤਤਾ ਬਾਰੇ ਜਾਣਕਾਰੀ ਦਿੰਦਾ ਹੈ। ਇਲਾਕੇ ਦੇ ਪਿੰਡਾਂ ਅਤੇ ਸਕੂਲਾਂ ਅੰਦਰ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ 1996 ਵਿੱਚ ਚੱਲੇ ਇਸ ਗੁੰਡਾ-ਪੁਲਿਸ-ਸਿਆਸੀ ਅਤੇ ਅਦਾਲਤੀ ਗੱਠਜੋੜ ਖ਼ਿਲਾਫ਼ ਚੱਲੇ ਘੋਲ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। 12 ਅਗਸਤ ਨੂੰ ਮਹਿਲਕਲਾਂ ਦੀ ਦਾਣਾ ਮੰਡੀ ‘ਚ ਕਰਵਾਏ ਜਾ ਰਹੇ ਇਸ ਸਮਾਗਮ ਨੂੰ ਵੱਖ ਵੱਖ ਜਥੇਬੰਦੀਆਂ ਦੇ ਸੂਬਾਈ ਆਗੂਆਂ ਤੋਂ ਬਿਨਾਂ ਉੱਘੀ ਚਿੰਤਕ ਤੇ ਲੇਖਿਕਾ ਡਾਕਟਰ ਨਵਸ਼ਰਨ ਅਤੇ ਪਿੰਜਰਾ ਤੋੜ ਮੁਹਿੰਮ ਦੀ ਆਗੂ ਨਤਾਸ਼ਾ ਨਰਵਾਲ ਸੰਬੋਧਨ ਕਰਨਗੇ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਆਪਣੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਪਿੰਡਾਂ ਦੇ ਕਿਸਾਨਾਂ ਅਤੇ ਬੀਬੀਆਂ ਨੂੰ ਇਕੱਠੇ ਕਰ ਕੇ 12 ਅਗਸਤ ਨੂੰ ਮਹਿਲਕਲਾਂ ਪਹੁੰਚਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਇਹ ਸਮਾਗਮ ਮਨੀਪੁਰ ਦੀਆਂ ਸ਼ਰੀਰਕ, ਮਾਨਸਿਕ, ਸਮਾਜਿਕ ਜਬਰ ਦਾ ਸ਼ਿਕਾਰ ਧੀਆਂ ਦੀਆਂ ਹੂਕਾਂ ਨੂੰ ਸੰਘਰਸ਼ ਦੀਆਂ ਲੜੀਆਂ ਵਿੱਚ ਪਰੋਕੇ ਅੱਗੇ ਵਧਣ ਨੂੰ ਸਮਰਪਿਤ ਹੋਵੇਗਾ।
ਇਸ ਦੇ ਨਾਲ ਹੀ ਮਾਨਸਾ ਜ਼ਿਲ੍ਹੇ ਤੋਂ ਸ਼ੁਰੂ ਹੋਈ ਨਸ਼ਾ ਵਿਰੋਧੀ ਮੁਹਿੰਮ ਵਿੱਚ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਅੱਜ ਤੱਕ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਵਿੱਚ ਜਥੇਬੰਦੀ ਵੱਲੋਂ “ਨਸ਼ਾ ਭਜਾਉ, ਜੁਆਨੀ ਬਚਾਉ” ਮੁਹਿੰਮ ਤਹਿਤ ਮੀਟਿੰਗਾਂ ਕਰਵਾ ਕੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ਗਿਆ ਹੈ ਅਤੇ ਨਸ਼ਾ ਵਿਰੋਧੀ ਕਮੇਟੀਆਂ ਬਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਇਸੇ ਦੌਰਾਨ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਦੀ ਅਗਵਾਈ ਹੇਠ ਵੱਡੀ ਮੀਟਿੰਗ, ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਂਝਲਾ ਵਿਖੇ ਹੋਈ ਜਿਸ ਵਿੱਚ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀਬਾਘਾ, ਸਾਹਿਬ ਸਿੰਘ ਬਡਬਰ, ਕਰਮਜੀਤ ਸਿੰਘ ਛੰਨਾਂ, ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਅਮਨਦੀਪ ਸਿੰਘ ਰਾਏਸਰ, ਜਗਤਾਰ ਸਿੰਘ ਦੁੱਗਾਂ, ਗੁਰਪ੍ਰੀਤ ਸਿੰਘ ਛੰਨਾਂ, ਰਣਧੀਰ ਸਿੰਘ ਭੱਟੀਵਾਲ, ਪ੍ਰਗਟ ਸਿੰਘ, ਵਰਿਆਮ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਰੂਰ, ਬਰਨਾਲਾ ਅਤੇ ਮਾਨਸਾ ਜ਼ਿਲਿਆਂ ਦੇ ਕਿਸਾਨ ਆਗੂ ਹਾਜ਼ਰ ਹੋਏ ਅਤੇ ਮਹਿਲਕਲਾਂ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਭਖਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਮਹਿਲਕਲਾਂ ਘੋਲ ਦੀ ਲੋਕ ਘੋਲਾਂ ਦੇ ਇਤਿਹਾਸ ਵਿੱਚ ਜਬਰ ਖਿਲਾਫ਼ ਟਾਕਰੇ ਦੀ ਲਹਿਰ ਉਸਾਰਨ ਵਿੱਚ ਵਿਸ਼ੇਸ਼ ਥਾਂ ਅਤੇ ਦੇਣ ਹੈ। ਇਸ ਘੋਲ ਨੇ ਸਾਂਝੇ ਸੰਘਰਸ਼ਾਂ ਦੀ ਯੁੱਧਨੀਤੀ ਦਾ ਮੁੱਢ ਬੰਨ੍ਹਿਆ ਹੈ। ਇਸੇ ਯੁੱਧਨੀਤੀ ਤਹਿਤ ਦਿੱਲੀ ਦੀਆਂ ਬਰੂਹਾਂ ਤੇ ਲੜੇ ਗਏ ਇਤਿਹਾਸਕ ਕਿਸਾਨ ਘੋਲ ਨੇ ਮੋਦੀ ਸਰਕਾਰ ਨੂੰ ਗੋਡਣੀਏਂ ਕੀਤਾ ਹੈ। ਇਸ ਸਾਂਝੇ ਲੋਕ ਘੋਲ ਨੇ ਧੀਆਂ ਨੂੰ ਜ਼ਬਰ ਖ਼ਿਲਾਫ਼ ਬੋਲਣ ਅਤੇ ਘਰਾਂ ਤੋਂ ਬਾਹਰ ਨਿੱਕਲ ਕੇ ਟਾਕਰਾ ਕਰਨ ਦੀ ਜਾਗ ਲਾਈ ਹੈ।
ਆਗੂਆਂ ਨੇ ਮਨੀਪੁਰ ਅਤੇ ਹਰਿਆਣਾ ਅੰਦਰ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਵੋਟਾਂ ਪੱਕੀਆਂ ਕਰਨ ਦੀ ਭਾਜਪਾ ਦੀ ਸਾਜ਼ਿਸ਼ ਦੀ ਸਖ਼ਤ ਨਿੰਦਾ ਕੀਤੀ ਅਤੇ ਇਹ ਵੀ ਮਹਿਸੂਸ ਕੀਤਾ ਕਿ ਪੰਜਾਬ ਅੰਦਰ ਨਸ਼ਿਆਂ ਦਾ ਕਾਰੋਬਾਰ ਪਹਿਲਾਂ ਵਾਂਗ ਹੀ ਬੇਰੋਕ ਚੱਲ ਰਿਹਾ ਹੈ। ਇਸ ਵਿੱਚ ਪੁਲਿਸ-ਸਿਆਸੀ ਲੋਕਾਂ ਅਤੇ ਗੁੰਡਿਆਂ ਦੀ ਮਿਲੀ ਭੁਗਤ ਹੁਣ ਜੱਗ ਜ਼ਾਹਿਰ ਹੈ। ਇਸ ਲਈ ਲੋਕਾਂ ਨੂੰ ਇਕੱਠੇ ਹੋ ਕੇ ਇਸ ਖ਼ਿਲਾਫ਼ ਬੇਕਿਰਕ ਸੰਘਰਸ਼ ਕਰਨ ਦੀ ਲੋੜ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੂਰੇ ਪੰਜਾਬ ਵਿੱਚ “ਨਸ਼ੇ ਭਜਾਉ, ਜੁਆਨੀ ਬਚਾਉ” ਲਹਿਰ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਪੂਰੀ ਵਾਹ ਲਾਏਗੀ। 12 ਅਗਸਤ ਨੂੰ ਔਰਤਾਂ ਤੇ ਹੁੰਦੇ ਜਬਰ ਤੋਂ ਮੁਕੰਮਲ ਮੁਕਤੀ, ਨਸ਼ਿਆਂ ਅਤੇ ਵਾਤਾਵਰਨ ਵਰਗੇ ਅਹਿਮ ਮਸਲੇ ਉਭਾਰੇ ਜਾਣਗੇ।
ਫੋਟੋ: ਪਿੰਡ ਕਾਂਝਲਾ ਵਿਖੇ ਚੱਲ ਰਹੀ ਤਿਆਰੀ ਮੀਟਿੰਗ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news