ਏਸ਼ੀਅਨ ਚੈਂਪੀਅਨਜ਼ ਟਰਾਫੀ: ਭਾਰਤ ਨੇ ਮਲੇਸ਼ੀਆ ਨੂੰ 5-0 ਨਾਲ ਹਰਾਇਆ

ਚੇਨੱਈ, 6 ਅਗਸਤ/ਇੱਥੇ ਅੱਜ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਦੇ ਮੈਚ ਵਿੱਚ ਮੇਜ਼ਬਾਨ ਭਾਰਤ ਨੇ ਜੇਤੂ ਢੰਗ ਨਾਲ ਵਾਪਸੀ ਕਰਦੇ ਹੋਏ ਵਿਰੋਧੀ ਟੀਮ ਮਲੇਸ਼ੀਆ ਨੂੰ 5-0 ਨਾਲ ਹਰਾ ਦਿੱਤਾ। ਸ਼ਹਿਰ ਦੇ ਕਾਰਤੀ ਸੇਲਵਮ ਨੇ ਮੈਚ ਸ਼ੁਰੂ ਹੁੰਦੇ ਹੀ 15 ਮਿੰਟਾਂ ਵਿੱਚ ਹਰਮਨਪ੍ਰੀਤ ਸਿੰਘ ਵੱਲੋਂ ਦਿੱਤੇ ਗਏ ਪਾਸ ਨੂੰ ਫੀਲਡ ਗੋਲ ਵਿੱਚ ਤਬਦੀਲ ਕਰ ਦਿੱਤਾ। ਉਸ ਤੋਂ ਬਾਅਦ ਹਾਰਦਿਕ ਸਿੰਘ ਨੇ ਤੀਜੇ ਕੁਆਰਟਰ (32ਵੇਂ ਮਿੰਟ) ਦੇ ਸ਼ੁਰੂ ਵਿੱਚ ਇਕ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕੀਤਾ। ਹਰਮਨਪ੍ਰੀਤ ਨੇ 42ਵੇਂ ਮਿੰਟ ਵਿੱਚ ਇਕ ਹੋਰ ਗੋਲ ਕਰ ਕੇ ਮਲੇਸ਼ੀਆ ਦੀ ਹਾਲਤ ਹੋਰ ਤਰਸਯੋਗ ਬਣਾ ਦਿੱਤੀ। ਗੁਰਜੰਟ ਸਿੰਘ ਨੇ 53ਵੇਂ ਮਿੰਟ ਵਿੱਚ ਗੋਲ ਕਰ ਕੇ ਲੀਡ 4-0 ਕਰ ਦਿੱਤੀ ਜਦਕਿ ਅਗਲੇ ਹੀ ਮਿੰਟ ਵਿੱਚ ਜੁਗਰਾਜ ਸਿੰਘ ਨੇ ਇਕ ਹੋਰ ਗੋਲ ਕਰ ਕੇ ਇਹ ਲੀਡ 5-0 ਕਰ ਦਿੱਤੀ।

ਇਸ ਤੋਂ ਪਹਿਲਾਂ ਪਾਕਿਸਤਾਨ ਤੇ ਜਪਾਨ ਨੇ ਅੱਜ ਇੱਥੇ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਰਾਊਂਡ ਰੌਬਿਨ ਮੈਚ ਵਿੱਚ 3-3 ਨਾਲ ਡਰਾਅ ਖੇਡਿਆ। ਇਸ ਨਾਲ ਦੋਵੇਂ ਟੀਮਾਂ ਸੈਮੀ ਫਾਈਨਲ ਦੀ ਦੌੜ ’ਚ ਬਰਕਰਾਰ ਹਨ। ਸੋਮਵਾਰ ਨੂੰ ਪਾਕਿਸਤਾਨ ਦਾ ਮੁਕਾਬਲਾ ਚੀਨ ਨਾਲ ਅਤੇ ਜਪਾਨ ਦਾ ਮੁਕਾਬਲਾ ਮਲੇਸ਼ੀਆ ਨਾਲ ਹੋਵੇਗਾ। ਉੱਧਰ, ਚੀਨ ਅਤੇ ਦੱਖਣੀ ਕੋਰੀਆ ਵਿਚਾਲੇ ਖੇਡਿਆ ਗਿਆ ਮੈਚ ਇੱਕ-ਇੱਕ ਗੋਲ ਨਾਲ ਬਰਾਬਰ ਰਿਹਾ। ਚੀਨ ਦਾ ਅਗਲਾ ਮੁਕਾਬਲਾ ਪਾਕਿਸਤਾਨ ਨਾਲ ਅਤੇ ਕੋਰੀਆ ਦਾ ਮੁਕਾਬਲਾ ਮੇਜ਼ਬਾਨ ਭਾਰਤ ਨਾਲ ਹੋਵੇਗਾ। -ਪੀਟੀਆਈ

seculartvindia
Author: seculartvindia

Leave a Comment