
ਦਲਜੀਤ ਕੌਰ/ਸੰਗਰੂਰ, 22 ਮਈ, 2023: ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਲਾਕ ਦਿੜ੍ਹਬਾ ਦੇ ਕਨਵੀਨਰ ਗੁਰਵਿੰਦਰ ਸ਼ਾਦੀਹਰੀ ਨੇ ਦੱਸਿਆ ਕਿ ਪਿੰਡ ਸ਼ਾਦੀਹਰੀ ਵਿਖੇ ਨਜੂਲ ਜਮੀਨ ਨੂੰ ਲੈ ਕੇ ਲਗਾਤਾਰ 2 ਸਾਲਾਂ ਤੋਂ ਪਿੰਡ ਧਰਨਾ ਚੱਲ ਰਿਹਾ ਹੈ ਅਤੇ ਪ੍ਰਸ਼ਾਸ਼ਨ ਕੋਈ ਹੱਲ ਨਹੀਂ ਕੱਢ ਰਿਹਾ। ਇਸ ਮਸਲੇ ਦੇ ਹੱਲ ਲਈ ਪਿੰਡ ਸ਼ਾਦੀਹਰੀ ਦੇ ਦਲਿਤ ਭਾਈਚਾਰੇ ਦੇ ਲੋਕਾਂ ਨੇ 15 ਮਈ ਨੂੰ ਡੀਸੀ ਦਫਤਰ ਸੰਗਰੂਰ ਦੇ ਗੇਟ ਅੱਗੇ ਧਰਨਾ ਲਗਾ ਦਿੱਤਾ ਪਰ ਜਦੋਂ ਸਮੂਹ ਭਾਈਚਾਰੇ ਦੇ ਲੋਕ ਸੰਗਰੂਰ ਪਹੁੰਚੇ ਤਾਂ ਪਿੰਡ ਸ਼ਾਦੀਹਰੀ ਵਿਖੇ ਨਜੂਲ ਜਮੀਨ ‘ਚ ਬੈਠੇ ਧਰਨਾਕਾਰੀਆਂ ਤੇ ਮੇਲਾ ਐਂਡ ਪਾਰਟੀ ਵੱਲੋਂ 100 ਕਰੀਬ ਗੁੰਡਾ ਅਨਸਰਾਂ ਵੱਲੋਂ ਹਮਲਾ ਕਰ ਦਿੱਤਾ ਜਿਹਨਾਂ ਵਿੱਚ 70 ਦੇ ਕਰੀਬ ਬਾਹਰੋਂ ਬੁਲਾਏ ਗਏ ਅਣਪਛਾਤੇ ਹਮਲਾਵਰ ਸਨ। ਇਸ ਦੌਰਾਨ ਜਗਸੀਰ ਸਪੁੱਤਰ ਹਰਨੇਕ ਸਿੰਘ ਦੇ ਮੂੰਹ ਤੇ ਸੱਟ ਮਾਰੀ ਅਤੇ ਪੈਰ ਦੀਆਂ ਉੰਗਲਾ ਤੋੜ ਦਿੱਤੀਆਂ, ਮਿੱਠੂ ਸਿੰਘ ਸਪੁੱਤਰ ਸੇਵਾ ਸਿੰਘ ਦਾ ਸਿਰ ਪਾੜ ਦਿੱਤਾ ਅਤੇ ਬੂਟਾ ਸਿੰਘ ਸਪੁੱਤਰ ਤਾਰਾ ਸਿੰਘ ਦੇ ਸਿਰ ‘ਚ ਸੱਟ ਮਾਰੀ ਅਤੇ ਹੱਥ ਦੀਆਂ ਉੰਗਲਾਂ ਤੋੜ ਦਿੱਤੀਆਂ ਅਤੇ ਹਮਲਾਵਰ ਜਾਂਦੇ ਹੋਏ ਸਭਾ ਦੀ ਜਮੀਨ ਪਰ ਲੱਗੀ ਮੋਟਰ ਦੀਆਂ ਤਾਰਾਂ ਅਤੇ ਸਟਾਟਰ ਪੁੱਟ ਕੇ ਲੈ ਗਏ। ਸਾਰੇ ਜ਼ਖ਼ਮੀ ਸਾਥੀ ਸਿਵਲ ਹਸਪਤਾਲ ਸੁਨਾਮ ਵਿਖੇ ਜੇਰੇ ਇਲਾਜ ਹਨ ਪਰ ਐਨਾ ਕੁਝ ਬੀਤ ਜਾਣ ਤੇ ਵੀ ਪੁਲਿਸ ਵੱਲੋਂ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਅਤੇ ਦੋਸ਼ੀ ਸ਼ਰੇਆਮ ਤਲਵਾਰਾਂ ਅਤੇ ਪਿਸਟਲ ਲੈ ਕੇ ਘੁੰਮ ਰਹੇ ਨੇ ਪਰ ਦਿੜ੍ਹਬਾ ਪੁਲਿਸ ਅਤੇ ਸੰਗਰੂਰ ਪ੍ਰਸ਼ਾਸ਼ਨ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਦੂਜੇ ਪਾਸੇ ਦਲਿਤ ਧਰਨਾਕਾਰੀਆਂ ਨੂੰ ਖੇਤ ‘ਚ ਲੱਗੀ ਮੋਟਰ ਨਹੀਂ ਚਲਾਉਣ ਦਿੱਤੀ ਜਾ ਰਹੀ ਜਿਸ ਕਰਕੇ ਹਰਾ ਚਾਰਾ ਸੁੱਕ ਗਿਆ ਅਤੇ ਪਸ਼ੂ ਭੁੱਖੇ ਮਰ ਰਹੇ ਹਨ। ਇਸ ਸਭ ਤੋਂ ਤੰਗ ਆ ਕੇ ਦਲਿਤ ਭਾਈਚਾਰੇ ਦੇ ਲੋਕ ਜਲਦੀ ਹੀ ਸਹਾਇਕ ਰਜਿਸਟਰਾਰ ਮੂਣਕ ਅਤੇ ਚੌਂਕੀ ਕੌਹਰੀਆਂ ਅੱਗੇ ਆਪਣੇ ਪਸ਼ੂ ਬੰਨਣ ਜਾ ਰਹੇ ਨੇ ਤਾਂ ਜੋ ਪ੍ਰਸ਼ਾਸ਼ਨ ਦੀ ਨੀਂਦ ਖੁੱਲ ਜਾਵੇ।
ਇਸ ਮੌਕੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਬਿੱਕਰ ਹਥੋਆ, ਮੱਖਣ ਸ਼ਾਦੀਹਰੀ, ਗੋਰਾ ਰਾਠੀ, ਗੁਰਜੰਟ ਰਾਜੂ, ਲੱਖੀ ਸਿੰਘ, ਗੁਰਪਿਆਰ ਖਾਲਸਾ, ਦੇਬਾ ਸਿੰਘ, ਬੜਕੂ ਸਿੰਘ, ਭਗਵਾਨ ਕੌਰ, ਹਰਮੇਲ ਕੌਰ, ਬਲਵੀਰੋ ਕੌਰ ਆਦਿ ਹਾਜਰ ਸਨ।