February 22, 2026 2:34 pm

ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਦਿੜ੍ਹਬਾ ਅਤੇ ਸੁਨਾਮ ਵਿਖੇ ਨੇਚਰ ਪਾਰਕਾਂ ਦੇ ਉਸਾਰੀ ਕਾਰਜਾਂ ਦਾ ਜਾਇਜ਼ਾ

Share:

ਦਲਜੀਤ ਕੌਰ/ਦਿੜ੍ਹਬਾ/ਸੁਨਾਮ ਊਧਮ ਸਿੰਘ ਵਾਲਾ, 18 ਮਈ, 2023: ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ, ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਦਿੜ੍ਹਬਾ ਅਤੇ ਸੁਨਾਮ ਵਿਖੇ ਬਣ ਰਹੇ ਨੇਚਰ ਪਾਰਕਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਦਿੰਦਿਆਂ ਕਿਹਾ ਕਿ 31 ਜੁਲਾਈ ਤੱਕ ਇਨ੍ਹਾਂ ਦੋਵਾਂ ਪਾਰਕਾਂ ਦੇ ਨਿਰਮਾਣ ਕਾਰਜਾਂ ਨੂੰ ਮੁਕੰਮਲ ਕੀਤਾ ਜਾਵੇ ਤਾਂ ਜੋ ਆਜ਼ਾਦੀ ਦਿਹਾੜੇ ਮੌਕੇ ਇਹ ਪਾਰਕ ਲੋਕਾਂ ਨੂੰ ਸਮਰਪਿਤ ਕੀਤੇ ਜਾ ਸਕਣ।
ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਗਰੀਨ ਪੰਜਾਬ ਮਿਸ਼ਨ ਤਹਿਤ ਦਿੜ੍ਹਬਾ ਵਿਖੇ ਕਰੀਬ 1.36 ਕਰੋੜ ਰੁਪਏ ਦੀ ਲਾਗਤ ਨਾਲ ਅਤੇ ਸੁਨਾਮ ਵਿਖੇ ਕਰੀਬ 75 ਲੱਖ ਰੁਪਏ ਦੀ ਲਾਗਤ ਨਾਲ ਇਹ ਨੇਚਰ ਪਾਰਕ ਬਣਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸੈਰ ਲਈ ਕੁਦਰਤੀ ਮਾਹੌਲ ਮੁਹੱਈਆ ਕਰਵਾਉਣ ਦੇ ਨਾਲ ਨਾਲ ਓਪਨ ਜਿੰਮ, ਬੱਚਿਆਂ ਦੇ ਖੇਡਣ ਲਈ ਸੁਚੱਜੀ ਥਾਂ, ਗਜੀਬੋ ਜਿਹੀਆਂ ਸੁਵਿਧਾਵਾਂ ਵੀ ਦਿੱਤੀਆਂ ਜਾ ਸਕਣ।
ਕੈਬਨਿਟ ਮੰਤਰੀ ਸ਼੍ਰੀ ਕਟਾਰੂਚੱਕ ਨੇ ਦਿੜ੍ਹਬਾ ਵਿਖੇ ਨੇਚਰ ਅਵੇਅਰਨੈਸ ਪਾਰਕ ਨੂੰ ਬਣਾਉਣ ਵਿੱਚ ਵਣ ਰੇਂਜ ਅਧਿਕਾਰੀ ਦੀ ਢਿੱਲੀ ਕਾਰਗੁਜ਼ਾਰੀ ਦਾ ਸਖ਼ਤ ਨੋਟਿਸ ਲੈਂਦਿਆਂ ਸਬੰਧਤ ਅਧਿਕਾਰੀ ਨੂੰ ਬਦਲਣ ਦੀ ਹਦਾਇਤ ਕੀਤੀ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਣਬੁੱਝ ਕੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਵਿੱਚ ਅਣਗਹਿਲੀ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਣਾਂ ਹੇਠਲੇ ਰਕਬੇ ਨੂੰ ਵਧਾਉਣ ਦੀ ਦਿਸ਼ਾ ਵਿੱਚ ਨਿਰੰਤਰ ਕਾਰਜਸ਼ੀਲ ਹੈ ਅਤੇ ਇਸ ਆਸ਼ੇ ਦੀ ਪੂਰਤੀ ਹਿੱਤ ਮੌਜੂਦਾ ਵਰ੍ਹੇ ਵਿੱਚ ਸੂਬੇ ਵਿੱਚ 1 ਕਰੋੜ 25 ਲੱਖ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਬੂਟੇ ਪੰਜਾਬ ਦੀਆਂ ਸਰਕਾਰੀ ਨਰਸਰੀਆਂ ਵਿੱਚੋਂ ਹੀ ਲਗਾਏ ਜਾਣਗੇ ਅਤੇ ਬਕਾਇਦਾ ਇਨ੍ਹਾਂ ਬੂਟਿਆਂ ਨੂੰ ਲਗਾਉਣ ਲਈ ਸਥਾਨਾਂ ਦੀ ਨਿਸ਼ਾਨਦੇਹੀ ਵੀ ਕਰ ਲਈ ਗਈ ਹੈ ਅਤੇ ਜੂਨ ਦੇ ਅੰਤ ਤੱਕ ਇਹ ਬੂਟੇ ਸਬੰਧਤ ਸਥਾਨਾਂ ’ਤੇ ਪਹੁੰਚਾ ਕੇ ਬਰਸਾਤੀ ਸੀਜ਼ਨ ਦੌਰਾਨ ਬੂਟੇ ਲਗਾਉਣ ਦੀ ਪ੍ਰਕਿਰਿਆ ਆਰੰਭ ਦਿੱਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਨਾਲ ਵਣਪਾਲ ਪਟਿਆਲਾ ਸੰਜੇ ਬਾਂਸਲ (ਆਈ.ਐੱਫ.ਐੱਸ), ਐਸ.ਐਸ.ਪੀ ਸੁਰੇਂਦਰ ਲਾਂਬਾ, ਵਣ ਮੰਡਲ ਅਧਿਕਾਰੀ ਮੋਨਿਕਾ ਦੇਵੀ ਯਾਦਵ, ਐਸ.ਡੀ.ਐਮ ਰਾਜੇਸ਼ ਸ਼ਰਮਾ, ਵਿੱਤ ਮੰਤਰੀ ਦੇ ਓ.ਐਸ.ਡੀ ਤਪਿੰਦਰ ਸਿੰਘ ਸੋਹੀ, ਸੰਜੀਵ ਕੁਮਾਰ ਸੰਜੂ, ਮੁਕੇਸ਼ ਜੁਨੇਜਾ, ਮਨਪ੍ਰੀਤ ਬਾਂਸਲ, ਅਮਰੀਕ ਸਿੰਘ ਧਾਲੀਵਾਲ ਸਮੇਤ ਹੋਰ ਆਗੂ ਤੇ ਅਧਿਕਾਰੀ ਵੀ ਹਾਜ਼ਰ ਸਨ।
seculartvindia
Author: seculartvindia

Leave a Comment

Voting poll

What does "money" mean to you?
  • Add your answer

latest news